ਨਵੀਂ ਦਿੱਲੀ,ਪੀਟੀਆਈ : ਰੁਪਏ ਦੀ ਕੀਮਤ ਵਿਚ ਗਿਰਾਵਟ ਦੇ ਕਾਰਨ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਆਈ। ਐੱਚਡੀਐੱਫਸੀ ਸਕਿਓਰਟੀਜ਼ ਦੇ ਅਨੁਸਾਰ, ਹਫਤੇ ਦੇ ਦੂਜੇ ਕਾਰੋਬਾਰੀ ਸੈਸ਼ਨ ਵਿੱਚ ਸੋਨਾ 97 ਰੁਪਏ ਦੀ ਤੇਜ਼ੀ ਨਾਲ 54,830 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਬਾਜ਼ਾਰ ਬੰਦ ਹੋਣ ਸਮੇਂ ਸੋਨੇ ਦੀ ਕੀਮਤ 54,733 ਰੁਪਏ ਪ੍ਰਤੀ 10 ਗ੍ਰਾਮ ਸੀ। ਇਸ ਦੇ ਉਲਟ ਚਾਂਦੀ ਦੀਆਂ ਕੀਮਤਾਂ ਵਿਚ ਪੰਜ ਰੁਪਏ ਦੀ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ। ਮੰਗਲਵਾਰ ਨੂੰ ਚਾਂਦੀ 66,855 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ। ਪਿਛਲੇ ਸੈਸ਼ਨ ਵਿਚ ਚਾਂਦੀ ਦੀ ਕੀਮਤ 66,860 ਰੁਪਏ ਪ੍ਰਤੀ ਕਿੱਲੋ ਸੀ।

ਐੱਚਡੀਐੱਫਸੀ ਸਕਿਓਰਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, "ਰੁਪਏ ਦੀ ਗਿਰਾਵਟ ਦੇ ਕਾਰਨ, ਦਿੱਲੀ ਵਿੱਚ 24 ਕੈਰਟ ਸੋਨੇ ਦੀ ਕੀਮਤ 97 ਰੁਪਏ ਵਧੀ ਹੈ।"

ਹਾਲਾਂਕਿ, ਮੰਗਲਵਾਰ ਨੂੰ ਸ਼ੁਰੂਆਤੀ ਗਿਰਾਵਟ ਤੋਂ ਬਾਅਦ ਰੁਪਿਆ ਸੰਭਲ ਗਿਆ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ ਤਿੰਨ ਪੈਸੇ ਕਮਜ਼ੋਰ ਹੋ ਕੇ 75.04 (ਆਰਜ਼ੀ) ਰੁਪਏ ਦੇ ਪੱਧਰ 'ਤੇ ਬੰਦ ਹੋਇਆ।

ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ ਅੰਸ਼ਕ ਤੌਰ 'ਤੇ 1,975.4 ਡਾਲਰ ਪ੍ਰਤੀ ਔਂਸ 'ਤੇ ਰਿਹਾ ਸੀ। ਇਸ ਦੇ ਨਾਲ ਹੀ ਚਾਂਦੀ 24.31 ਡਾਲਰ ਪ੍ਰਤੀ ਔਂਸ 'ਤੇ ਰਹੀ।

ਮੋਤੀ ਲਾਲ ਓਸਵਾਲ ਵਿੱਤੀ ਸੇਵਾਵਾਂ ਦੇ ਵਾਈਸ ਪ੍ਰੈਜ਼ੀਡੈਂਟ (ਕਮੋਡਿਟੀਜ਼ ਰਿਸਰਚ) ਨਵਨੀਤ ਦਮਾਨੀ ਨੇ ਕਿਹਾ, “ਅਮਰੀਕੀ ਡਾਲਰ ਦੀ ਨਰਮੀ ਅਤੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਅਰਥਚਾਰੇ ਦੇ ਪ੍ਰਭਾਵਿਤ ਹੋਣ ਦੀ ਵਜ੍ਹਾ ਨਾਲ ਸੇਫ ਹੈਵਨ ਸਮਝੇ ਜਾਣ ਵਾਲੇ ਸੋਨੇ ਦੀ ਮੰਗ ਵੱਧੀ ਹੈ ਅਤੇ ਇਸੇ ਕਾਰਨ ਹੀ ਸੋਨੇ ਦੀ ਕੀਮਤ ਵਿੱਚ ਤੇਜੀ ਆਈ ਹੈ।"

Posted By: Sunil Thapa