ਨਵੀਂ ਦਿੱਲੀ (ਏਜੰਸੀ) : ਪਿਛਲੇ ਕੁਝ ਸੈਸ਼ਨਾਂ ਤੋਂ ਸੋਨਾ ਨਿਵੇਸ਼ਕਾਂ ਦੀਆਂ ਅੱਖਾਂ ਦਾ ਤਾਰਾ ਬਣਿਆ ਹੋਇਆ ਹੈ। ਸੋਮਵਾਰ ਨੂੰ 50 ਰੁਪਏ ਦੀ ਬੜ੍ਹਤ ਤੋਂ ਬਾਅਦ ਸੋਨਾ ਇਕ ਵਾਰ ਫਿਰ 38, 470 ਰੁਪਏ ਪ੍ਰਤੀ 10 ਗ੍ਰਾਮ ਦੇ ਪਿਛਲੇ ਉੱਚ ਪੱਧਰ 'ਤੇ ਪੁੱਜ ਗਿਆ। ਹਾਲਾਂਕਿ ਚਾਂਦੀ ਵਿਚ 1, 150 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ। ਸੋਮਵਾਰ ਨੂੰ ਕਾਰੋਬਾਰ ਦੇ ਆਖਰ ਵਿਚ ਚਾਂਦੀ 43,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਸੀ।

ਪਿਛਲੇ ਹਫ਼ਤੇ ਵੀਰਵਾਰ ਨੂੰ 38, 470 ਰੁਪਏ ਦੇ ਉੱਚ ਪੱਧਰ 'ਤੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਸੋਨੇ ਵਿਚ ਥੋੜ੍ਹੀ ਮੁਨਾਫਾ ਵਸੂਲੀ ਹੋਈ ਅਤੇ ਇਹ 140 ਰੁਪਏ ਫਿਸਲ ਗਿਆ ਪਰ ਸ਼ਨਿਚਵਾਰ ਨੂੰ ਇਹ ਫਿਰ 90 ਰੁਪਏ ਮਜ਼ਬੂਤ ਹੋਇਆ। ਸਰਾਫਾ ਕਾਰੋਬਾਰੀਆਂ ਦਾ ਕਹਿਣਾ ਸੀ ਕਿ ਵਿਦੇਸ਼ੀ ਬਾਜ਼ਾਰਾਂ ਵਿਚ ਸੋਨੇ ਦੇ ਪ੍ਰਤੀ ਨਿਵੇਸ਼ਕਾਂ ਦੀ ਦਿਲਚਸਪੀ ਬਰਕਰਾਰ ਰਹਿਣ ਨਾਲ ਘਰੇਲੂ ਬਾਜ਼ਾਰ ਵਿਚ ਵੀ ਪੀਲੀ ਧਾਤੂ ਨੂੰ ਹੱਥੋਂ-ਹੱਥ ਲਿਆ ਗਿਆ। ਹਾਲਾਂਕਿ ਚਾਂਦੀ ਨੂੰ ਸਿੱਕਾ ਨਿਰਮਾਤਾਵਾਂ ਅਤੇ ਉਦਯੋਗਿਕ ਇਕਾਈਆਂ ਦਾ ਸਾਥ ਨਹੀਂ ਮਿਲਿਆ।

ਜਿਥੇ ਤਕ ਵਿਦੇਸ਼ੀ ਬਾਜ਼ਾਰਾਂ ਦਾ ਸਵਾਲ ਹੈ ਤਾਂ ਨਿਊਯਾਰਕ ਵਿਚ ਸੋਨਾ ਮਜ਼ਬੂਤੀ ਦੇ ਨਾਲ 1, 503.30 ਡਾਲਰ ਪ੍ਰਤੀ ਔਸ (28.35 ਗ੍ਰਾਮ) 'ਤੇ ਕਾਰੋਬਾਰ ਕਰ ਰਿਹਾ ਸੀ। ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਰ ਕਿਹਾ ਕਿ ਉਹ ਕਾਰੋਬਾਰ ਦੇ ਮਾਮਲੇ ਵਿਚ ਚੀਨ ਨਾਲ ਸੁਲਹ ਕਰਨ ਲਈ ਤਿਆਰ ਨਹੀਂ ਹਨ। ਇਸ ਤੋਂ ਬਾਅਦ ਨਿਵੇਸ਼ਕਾਂ ਨੇ ਇਕ ਵਾਰ ਫਿਰ ਸੁਰੱਖਿਆ ਦੇ ਤੌਰ 'ਤੇ ਸੋਨੇ ਵਿਚ ਨਿਵੇਸ਼ ਵਧਾ ਦਿੱਤਾ। ਨਵੀਂ ਦਿੱਲੀ ਵਿਚ 99.9 ਫ਼ੀਸਦੀ ਖਰਾ ਸੋਨਾ 38,470 ਰੁਪਏ, ਜਦਕਿ 99.5 ਫ਼ੀਸਦੀ ਖਰਾ ਸੋਨਾ 38,300 ਰੁਪਏ ਪ੍ਰਤੀ 10 ਗ੍ਰਾਮ 'ਤੇ ਜਾ ਪੁੱਜਿਆ। ਸੋਨੇ ਦੀ ਅੱਠ ਗ੍ਰਾਮ ਗਿੰਨੀ ਦਾ ਭਾਅ 28, 600 ਰੁਪਏ ਦੇ ਪਿਛਲੇ ਪੱਧਰ 'ਤੇ ਬਰਕਰਾਰ ਰਿਹਾ। ਚਾਂਦੀ ਹਾਜ਼ਿਰ 1, 150 ਰੁਪਏ ਡਿੱਗ ਕੇ 43,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹਿ ਗਈ। ਚਾਂਦੀ ਦਾ ਹਫ਼ਤਾ ਆਧਾਰਿਤ ਡਿਲਵਿਰੀ ਭਾਅ 43, 324 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਿਹਾ। ਚਾਂਦੀ ਦੇ ਸਿੱਕਿਆਂ ਦਾ ਭਾਅ ਪ੍ਰਤੀ ਸੈਂਕੜਾ 88,000 ਰੁਪਏ ਖ਼ਰੀਦ ਅਤੇ 89,00 ਰੁਪਏ ਵਿਕਰੀ ਦੇ ਪਿਛਲੇ ਭਾਅ 'ਤੇ ਸਥਿਰ ਸੀ।