ਨਵੀਂ ਦਿੱਲੀ (ਪੀਟੀਆਈ) : ਵਿਦੇਸ਼ੀ ਬਾਜ਼ਾਰਾਂ ਦੇ ਕਮਜ਼ੋਰ ਰੁਝਾਨਾਂ ਵਿਚਕਾਰ ਸਥਾਨਕ ਜਵੈਲਰਾਂ ਵੱਲੋਂ ਖ਼ਰੀਦਦਾਰੀ ਘੱਟ ਕੀਤੇ ਜਾਣ ਨਾਲ ਰਾਸ਼ਟਰੀ ਰਾਜਧਾਨੀ ਵਿਚ ਮੰਗਲਵਾਰ ਨੂੰ ਸੋਨਾ 360 ਰੁਪਏ ਫਿਸਲ ਕੇ 33,370 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਵੱਲੋਂ ਖਰੀਦਦਾਰੀ ਘਟਾਏ ਜਾਣ ਨਾਲ ਚਾਂਦੀ ਵੀ 290 ਰੁਪਏ ਫਿਸਲ ਕੇ 37,560 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।

ਕਾਰੋਬਾਰੀਆਂ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰਾਂ ਦੇ ਕਮਜ਼ੋਰ ਰੁਝਾਨ ਅਤੇ ਸਥਾਨਕ ਜਵੈਲਰਾਂ ਦੇ ਵਿਚਕਾਰ ਖ਼ਰੀਦਦਾਰੀ ਘਟਣ ਦੇ ਕਾਰਨ ਸੋਨੇ ਦੀ ਕੀਮਤ ਘਟੀ ਹੈ। ਨਿਊਯਾਰਕ ਵਿਚ ਸੋਨੇ ਵਿਚ 1,322.70 ਡਾਲਰ ਪ੍ਰਤੀ ਔਂਸ (28.35 ਗ੍ਰਾਮ) 'ਤੇ ਅਤੇ ਚਾਂਦੀ ਵਿਚ 14.74 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਹੋਇਆ। ਅਮਰੀਕਾ ਅਤੇ ਮੈਕਸੀਕੋ ਵਿਚਕਾਰ ਸਮਝੌਤਾ ਹੋ ਜਾਣ ਨਾਲ ਅੰਤਰਰਾਸ਼ਟਰੀ ਟ੍ਰੇਡ ਵਾਰ ਦੀ ਚਿੰਤਾ ਵਿਚ ਕਮੀ ਆਈ ਹੈ ਅਤੇ ਇਸ ਕਾਰਨ ਸੁਰੱਖਿਅਤ ਨਿਵੇਸ਼ ਦੇ ਰੂਪ ਵਿਚ ਸੋਨੇ ਦੀ ਮੰਗ ਘਟ ਗਈ ਹੈ।

ਰਾਸ਼ਟਰੀ ਰਾਜਧਾਨੀ ਵਿਚ 99.9 ਫ਼ੀਸਦੀ ਖਰਾ ਸੋਨਾ 360 ਰੁਪਏ ਫਿਸਲ ਕੇ 33,370 ਰੁਪਏ ਅਤੇ 99.5 ਫ਼ੀਸਦੀ ਖਰਾ ਸੋਨਾ ਵੀ ਇੰਨੀ ਹੀ ਗਿਰਾਵਟ ਦੇ ਨਾਲ 33,200 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਆ ਗਿਆ। ਅੱਠ ਗ੍ਰਾਮ ਸੋਨੇ ਦੀ ਗਿੰਨੀ ਹਾਲਾਂਕਿ 26,700 ਰੁਪਏ ਹਰੇਕ ਦੇ ਭਾਅ 'ਤੇ ਕਾਇਮ ਰਹੀ।

ਚਾਂਦੀ ਹਾਜ਼ਿਰ 290 ਰੁਪਏ ਫਿਸਲ ਕੇ 37,560 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਵੀਕਲੀ ਡਿਲਵਿਰੀ ਵੀ 72 ਰੁਪਏ ਡਿੱਗ ਕੇ 36,655 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਰਹਿ ਗਈ। ਚਾਂਦੀ ਦੇ ਸਿੱਕਿਆਂ ਦੀ ਕੀਮਤ ਪ੍ਰਤੀ ਸੈਂਕੜਾ 80,000 ਰੁਪਏ ਖ਼ਰੀਦ ਅਤੇ 81,000 ਰੁਪਏ ਵਿਕਰੀ ਦੇ ਪੱਧਰ 'ਤੇ ਕਾਇਮ ਰਹੀ।