ਨਵੀਂ ਦਿੱਲੀ (ਏਜੰਸੀ) : ਸੋਨਾ 40,000 ਰੁਪਏ ਦੇ ਮਨੋਵਿਗਿਆਨਕ ਪੱਧਰ 'ਤੇ ਪੁੱਜਣ ਤੋਂ ਬਾਅਦ ਫਿਸਲ ਰਿਹਾ ਹੈ। ਸੋਮਵਾਰ ਨੂੰ ਕਾਰੋਬਾਰ ਖ਼ਤਮ ਹੋਣ ਤੋਂ ਬਾਅਦ 10 ਗ੍ਰਾਮ ਸੋਨੇ ਦਾ ਭਾਅ 39,225 ਰੁਪਏ ਰਹਿ ਗਿਆ। ਚਾਂਦੀ ਵਿਚ 1,400 ਰੁਪਏ ਦੀ ਵੱਡੀ ਗਿਰਾਵਟ ਆਈ ਅਤੇ ਕਾਰੋਬਾਰ ਦੇ ਆਖਰ ਵਿਚ ਇਹ ਸਫੇਦ ਧਾਤੂ 48,500 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਰਹਿ ਗਈ। ਐੱਚਡੀਐੱਫਸੀ ਸਕਿਊਰਿਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ ਕਿ ਘਰੇਲੂ ਮੰਗ ਵਿਚ ਕਮੀ ਦੇ ਕਾਰਨ ਬਹੁਮੁੱਲੀ ਧਾਤੂਆਂ ਦੇ ਭਾਅ ਵਿਚ ਨਰਮੀ ਦੇਖੀ ਗਈ।

ਡਾਲਰ ਦੇ ਮੁਕਾਬਲੇ ਰੁਪਏ ਵਿਚ ਮਜ਼ਬੂਤੀ ਦਾ ਵੀ ਭੁਗਤਾਨ ਸੋਨੇ ਦੇ ਭਾਅ ਵਿਚ ਦੇਖਿਆ ਗਿਆ। ਸਿੱਕਾ ਨਿਰਮਾਤਾਵਾਂ ਅਤੇ ਉਦਯੋਗਿਕ ਇਕਾਈਆਂ ਦੀ ਬੇਰੁਖੀ ਕਾਰਨ ਚਾਂਦੀ ਵਿਚ ਵੱਡੀ ਗਿਰਾਵਟ ਹੋਈ।

ਨਿਊਯਾਰਕ ਵਿਚ ਸੋਨਾ 1506 ਡਾਲਰ ਪ੍ਰਤੀ ਔਂਸ ਦੇ ਨਾਲ ਲਗਪਗ ਸਪਾਟ ਪੱਧਰ 'ਤੇ, ਜਦਕਿ ਚਾਂਦੀ ਮਾਮੂਲੀ ਗਿਰਾਵਟ ਤੋਂ ਬਾਅਦ 18.05 ਡਾਲਰ ਪ੍ਰਤੀ ਔਂਸ (28.35 ਗ੍ਰਾਮ) 'ਤੇ ਕਾਰੋਬਾਰ ਕਰ ਰਹੇ ਸਨ। ਨਵੀਂ ਦਿੱਲੀ ਵਿਚ 99.9 ਫ਼ੀਸਦੀ ਖਰਾ ਸੋਨਾ 39, 225 ਰੁਪਏ, ਜਦਕਿ 99.5 ਫ਼ੀਸਦੀ ਖਰਾ ਸੋਨਾ 39,055 ਰੁਪਏ ਪ੍ਰਤੀ 10 ਗ੍ਰਾਮ ਦਾ ਰਹਿ ਗਿਆ।