ਨਵੀਂ ਦਿੱਲੀ (ਏਜੰਸੀ) : ਘਰੇਲੂ ਬਾਜ਼ਾਰ ਤੋਂ ਸੁਸਤ ਮੰਗ ਤੇ ਵਿਦੇਸ਼ੀ ਬਾਜ਼ਾਰਾਂ 'ਚ ਭਾਅ 'ਤੇ ਦਬਾਅ ਕਾਰਨ ਸੋਮਵਾਰ ਨੂੰ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ 'ਚ ਸੋਨੇ ਦੇ ਭਾਅ 'ਚ ਗਿਰਾਵਟ ਦਰਜ ਕੀਤੀ ਗਈ। ਦਿਨ ਦੇ ਕਾਰੋਬਾਰ ਦੇ ਆਖ਼ਰ 'ਚ ਇਹ ਪੀਲੀ ਧਾਤੂ 200 ਰੁਪਏ ਟੁੱਟ ਕੇ 32,620 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਰਹਿ ਗਈ। ਚਾਂਦੀ ਨੂੰ ਵੀ ਗਾਹਕਾਂ ਦਾ ਲੋੜੀਂਦਾ ਸਾਥ ਨਹੀਂ ਮਿਲਿਆ ਤੇ ਇਹ 80 ਰੁਪਏ ਡਿੱਗ ਕੇ 38,100 ਰੁਪਏ ਪ੍ਰਤੀ ਕਿੱਲੋ ਦੇ ਭਾਅ 'ਤੇ ਰਹਿ ਗਈ। ਪਿਛਲੇ ਹਫ਼ਤੇ ਸ਼ਨਿਚਰਵਾਰ ਨੂੰ ਵੀ ਸੋਨੇ ਦੇ ਭਾਅ 'ਚ 30 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ ਸੀ।

ਕਾਰੋਬਾਰੀਆਂ ਦਾ ਕਹਿਣਾ ਸੀ ਕਿ ਇਕਵਿਟੀ ਬਾਜ਼ਾਰਾਂ ਦੀ ਮਜ਼ਬੂਤੀ ਕਾਰਨ ਘਰੇਲੂ ਬਾਜ਼ਾਰ 'ਚ ਨਿਵੇਸ਼ਕਾਂ ਨੇ ਸੋਨੇ ਦੀ ਖ਼ਰੀਦ 'ਚ ਦਿਲਚਸਪੀ ਨਹੀਂ ਵਿਖਾਈ। ਵਿਦੇਸ਼ੀ ਬਾਜ਼ਾਰਾਂ 'ਚ ਕਈ ਵਜ੍ਹਾ ਨਾਲ ਸੋਨੇ 'ਤੇ ਦਬਾਅ ਕਾਰਨ ਕਾਰੋਬਾਰੀ ਇਸ ਪੀਲੀ ਧਾਤੂ ਦੀ ਖ਼ਰੀਦ ਤੋਂ ਦੂਰ ਰਹੇ। ਚਾਂਦੀ ਨੂੰ ਵੀ ਸਿੱਕਾ ਨਿਰਮਾਤਾਵਾਂ ਤੇ ਸੰਸਥਾਗਤ ਨਿਵੇਸ਼ਕਾਂ ਦਾ ਲੋੜੀਂਦਾ ਸਾਥ ਨਹੀਂ ਮਿਲਿਆ।

ਨਿਊਯਾਰਕ 'ਚ ਸੋਨਾ ਫਿਸਲ ਕੇ 1,287.10 ਡਾਲਰ ਪ੍ਰਤੀ ਅੌਂਸ (28.35 ਗ੍ਰਾਮ) 'ਤੇ ਕਾਰੋਬਾਰ ਕਰ ਰਿਹਾ ਸੀ। ਉਥੇ, ਚਾਂਦੀ ਦਾ ਭਾਅ ਵੀ ਮਾਮੂਲੀ ਗਿਰਾਵਟ ਨਾਲ 15.01 ਡਾਲਰ ਪ੍ਰਤੀ ਅੌਂਸ ਸੀ। ਰਾਸ਼ਟਰੀ ਰਾਜਧਾਨੀ 'ਚ 99.9 ਫ਼ੀਸਦੀ ਖ਼ਰਾ ਸੋਨਾ 200 ਰੁਪਏ ਟੁੱਟ ਕੇ 32,620 ਰੁਪਏ, ਜਦਕਿ 99.5 ਫ਼ੀਸਦੀ ਖ਼ਰਾ ਸੋਨਾ 32,450 ਰੁਪਏ ਪ੍ਰਤੀ 10 ਗ੍ਰਾਮ ਦਾ ਰਹਿ ਗਿਆ। ਸੋਨੇ ਦੀ ਅੱਠ ਗ੍ਰਾਮ ਗਿੰਨੀ 26,400 ਰੁਪਏ ਹਰੇਕ ਦੇ ਪਿਛਲੇ ਕਾਰੋਬਾਰੀ ਸੈਸ਼ਨ ਦੇ ਭਾਅ 'ਤੇ ਕਾਇਮ ਰਹੀ।

ਚਾਂਦੀ ਹਾਜ਼ਰ ਵੀ 80 ਰੁਪਏ ਡਿੱਗ ਕੇ 38,100 ਰੁਪਏ ਪ੍ਰਤੀ ਕਿੱਲੋਗ੍ਰਾਮ ਦੀ ਰਹਿ ਗਈ, ਜਦਕਿ ਇਸ ਦਾ ਹਫ਼ਤਾ ਆਧਾਰਿਤ ਡਿਲੀਵਰੀ ਭਾਅ 232 ਰੁਪਏ ਦੀ ਗਿਰਾਵਟ ਨਾਲ 36,988 ਰੁਪਏ ਪ੍ਰਤੀ ਕਿੱਲੋ ਰਹਿ ਗਿਆ। ਚਾਂਦੀ ਦੇ ਸਿੱਕਿਆਂ ਦੀ ਕੀਮਤ ਪ੍ਰਤੀ ਸੈਂਕੜਾ 80,000 ਰੁਪਏ ਖ਼ਰੀਦ ਤੇ 81,000 ਰੁਪਏ ਵਿਕਰੀ ਦੇ ਪਿਛਲੇ ਪੱਧਰ 'ਤੇ ਕਾਇਮ ਰਹੀ।