ਨਵੀਂ ਦਿੱਲੀ : ਵਿਦੇਸ਼ੀ ਬਾਜ਼ਾਰਾਂ ਵਿਚ ਕਮਜ਼ੋਰ ਰੁਝਾਨਾਂ ਵਿਚਾਲੇ ਸਥਾਨਕ ਜਿਊਲਰਾਂ ਵੱਲੋਂ ਖ਼ਰੀਦਦਾਰੀ ਘਟਾਏ ਜਾਣ ਨਾਲ ਰਾਸ਼ਟਰੀ ਰਾਜਧਾਨੀ ਵਿਚ ਸ਼ੁੱਕਰਵਾਰ ਨੂੰ ਸੋਨਾ 70 ਰੁਪਏ ਡਿੱਗ ਕੇ 33,420 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਆਲ ਇੰਡੀਆ ਸਰਾਫ਼ਾ ਐਸੋਸੀਏਸ਼ਨ ਮੁਤਾਬਕ, ਸਨਅਤੀ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਵੱਲੋਂ ਖ਼ਰੀਦਦਾਰੀ ਵਧਾਉ ਨਾਲ ਚਾਂਦੀ ਹਾਲਾਂਕਿ 100 ਰੁਪਏ ਉਛਲ ਕੇ 38,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਕਾਰੋਬਾਰੀਆਂ ਨੇ ਕਿਹਾ ਕਿ ਸਥਾਨਕ ਜਿਊਲਰਾਂ ਵੱਲੋਂ ਖ਼ਰੀਦਦਾਰੀ ਘਟਣ ਅਤੇ ਵਿਦੇਸ਼ੀ ਬਾਜ਼ਾਰਾਂ ਵਿਚ ਸੁਸਤੀ ਕਾਰਨ ਸੋਨੇ ਦੀ ਕੀਮਤ ਘਟੀ ਹੈ। ਨਿਊਯਾਰਕ ਵਿਚ ਸੋਨੇ ਵਿਚ 1,334,60 ਡਾਲਰ ਪ੍ਰਤੀ ਔਂਸ (28.35 ਗ੍ਰਾਮ) 'ਤੇ ਅਤੇ ਚਾਂਦੀ ਵਿਚ 14.99 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਹੋਇਆ।

ਰਾਸ਼ਟਰੀ ਰਾਜਧਾਨੀ ਵਿਚ 99.9 ਫ਼ੀਸਦੀ ਖਰਾ ਸੋਨਾ 70 ਰੁਪਏ ਡਿੱਗ ਕੇ 33,420 ਰੁਪਏ ਅਤੇ 99.5 ਫ਼ੀਸਦੀ ਖਰਾ ਸੋਨਾ ਵੀ ਏਨੀ ਹੀ ਗਿਰਾਵਟ ਨਾਲ 33,250 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਆ ਗਿਆ। ਅੱਠ ਗ੍ਰਾਮ ਸੋਨੇ ਦੀ ਗਿੰਨੀ ਹਾਲਾਂਕਿ 26,700 ਰੁਪਏ ਹਰੇਕ ਦੇ ਭਾਅ 'ਤੇ ਕਾਇਮ ਰਹੀ।

ਚਾਂਦੀ ਹਾਜ਼ਰ 100 ਰੁਪਏ ਉਛਲ ਕੇ 38,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ, ਜਦਕਿ ਵੀਕਲੀ ਡਿਲੀਵਰੀ 72 ਰੁਪਏ ਡਿੱਗ ਕੇ 36,878 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਰਹਿ ਗਈ। ਚਾਂਦੀ ਦੇ ਸਿੱਕਿਆਂ ਦੀ ਕੀਮਤ ਪ੍ਰਤੀ ਸੈਂਕੜਾ 80,000 ਰੁਪਏ ਖ਼ਰੀਦ ਅਤੇ 81,000 ਰੁਪਏ ਵਿਕਰੀ ਦੇ ਪੱਧਰ 'ਤੇ ਕਾਇਮ ਰਹੀ।