ਜੇਐੱਨਐੱਨ, ਨਵੀਂ ਦਿੱਲੀ : ਤਿਉਹਾਰੀ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਬੋਨਸ ਮਿਲਣ ਵਾਲਾ ਹੈ। ਜੇਕਰ ਤੁਸੀਂ ਉਸ ਨੂੰ ਨਿਵੇਸ਼ ਕਰਨ ਦੀ ਸੋਚ ਰਹੇ ਹੋ ਤਾਂ ਇਕ ਚੰਗੀ ਖ਼ਬਰ ਹੈ। ਸਰਕਾਰ ਨੇ ਤਿਉਹਾਰੀ ਮੌਸਮ 'ਚ ਲੋਕਾਂ ਦੀਆਂ ਇਨ੍ਹਾਂ ਭਾਵਨਾਵਾਂ ਦਾ ਖ਼ਿਆਲ ਰੱਖਦੇ ਹੋਏ ਸੌਵਰੇਨ ਗੋਲਡ ਬਾਂਡ ਦੀ ਅਗਲੀ ਖੇਪ ਲਿਆਉਣ ਦਾ ਐਲਾਨ ਕੀਤਾ ਹੈ। ਸਰਕਾਰ ਵਲੋਂ ਦਿੱਤੀ ਗਈ ਸੂਚਨਾ ਮੁਤਾਬਿਕ Sovereign Gold Bond Scheme 2019-20 ਦੀ ਪੰਜਵੀਂ ਲੜੀ ਤਹਿਤ ਸੱਤ ਅਕਤੂਬਰ ਯਾਨੀ ਸੋਮਵਾਰ ਤੋਂ ਨਿਵੇਸ਼ ਕੀਤਾ ਜਾ ਸਕੇਗਾ। ਇਸ ਸਕੀਮ 'ਚ ਨਿਵੇਸ਼ ਦੀ ਆਖਰੀ ਤਾਰੀਕ 11 ਅਕਤੂਬਰ ਹੈ। ਸਰਕਾਰ ਮੁਤਾਬਿਕ ਇਸ ਬਾਂਡ ਦਾ ਇਸ਼ੂ ਪ੍ਰਾਈਸ 3,788 ਰੁਪਏ ਪ੍ਰਤੀ ਦਸ ਗ੍ਰਾਮ ਤੈਅ ਕੀਤਾ ਗਿਆ ਹੈ। ਨਾਲ ਹੀ ਇਸ ਸਕੀਮ ਤਹਿਤ ਕੁਝ ਹੋਰ ਪੇਸ਼ਕਸ਼ ਵੀ ਕੀਤੀ ਗਈ ਹੈ। ਆਓ ਵਿਸਤਾਰ ਨਾਲ ਜਾਣਦੇ ਹਾਂ ਕੀ ਹੈ ਪੂਰੀ ਸਕੀਮ ਤੇ ਕੀ ਮਿਲੇਗਾ ਫਾਇਦਾ :

ਆਨਲਾਈਨ ਨਿਵੇਸ਼ ਹੈ ਫਾਇਦੇਮੰਦ

ਇਸ ਦੇ ਨਾਲ ਹੀ ਸਰਕਾਰ ਨੇ ਆਨਲਾਈਨ ਅਪਲਾਈ ਅਤੇ ਪੇਮੈਂਟ ਕਰਨ ਵਾਲੇ ਨਿਵੇਸ਼ਕਾਂ ਲਈ ਵੀ ਖ਼ਾਸ ਪੇਸ਼ਕਸ਼ ਕੀਤੀ ਹੈ। ਵਿੱਤ ਮੰਤਰਾਲੇ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਸ ਯੋਜਨਾ 'ਚ ਨਿਵੇਸ਼ ਲਈ ਆਨਲਾਈਨ ਅਪਲਾਈ ਕਰਨ ਤੇ ਭੁਗਤਾਨ ਕਰਨ 'ਤੇ ਪ੍ਰਤੀ ਦਸ ਗ੍ਰਾਮ ਦੀ ਦਰ ਨਾਲ 50 ਰੁਪਏ ਦੀ ਵਿਸ਼ੇਸ਼ ਛੋਟ ਦਿੱਤੀ ਜਾਵੇਗੀ। ਵਿੱਤ ਮੰਤਰਾਲ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਨਿਵੇਸ਼ਕਾਂ ਲਈ ਗੋਲਡ ਬਾਂਡ ਦਾ ਇਸ਼ੂ ਪ੍ਰਾਈਸ 3,738 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਜਾਵੇਗਾ।

ਕਿੰਨਾ ਨਿਵੇਸ਼ ਕਰ ਸਕਦਾ ਹੈ ਕੋਈ ਵਿਅਕਤੀ

ਇਸ ਸਕੀਮ ਤਹਿਤ ਬਾਂਡ ਨੂੰ ਇਕ ਗ੍ਰਾਮ ਗੋਲਡ ਦੇ ਅਕਾਰ 'ਚ ਡਿਨੋਮੀਨੇਟ ਕੀਤਾ ਗਿਆ ਹੈ। ਕੋਈ ਵੀ ਵਿਅਕਤੀ ਕਿਸੇ ਇਕ ਵਿੱਤੀ ਵਰ੍ਹੇ 'ਚ ਘੱਟੋ-ਘੱਟ ਇਕ ਗ੍ਰਾਮ ਤੇ ਵੱਧ ਤੋਂ ਵੱਧ 500 ਗ੍ਰਾਮ ਤਕ ਨਿਵੇਸ਼ ਕਰ ਸਕਦਾ ਹੈ। ਉੱਥੇ ਹੀ ਕੋਈ ਸੰਯੁਕਤ ਹਿੰਦੂ ਪਰਿਵਾਰ ਚਾਰ ਕਿੱਲੋਗ੍ਰਾਮ ਤਕ ਨਿਵੇਸ਼ ਕਰ ਸਕਦਾ ਹੈ। ਕੋਈ ਟਰੱਸਟ ਜੇਕਰ ਇਸ ਵਿਚ ਨਿਵੇਸ਼ ਕਰਨਾ ਚਾਹੁੰਦਾ ਹੈ ਤਾਂ ਉਹ ਵੱਧ ਤੋਂ ਵੱਧ 20 ਕਿਲੋਗ੍ਰਾਮ ਤਕ ਦੇ ਬਾਂਡ ਖਰੀਦ ਸਕਦਾ ਹੈ।

ਸੌਵਰੇਨ ਗੋਲਡ ਬਾਂਡ ਸਕੀਮ ਦੀ ਸ਼ੁਰੂਆਤ ਨਵੰਬਰ, 2015 'ਚ ਕੀਤੀ ਗਈ ਸੀ। ਇਸ ਸਕੀਮ ਦਾ ਟੀਚਾ ਫਿਜੀਕਲ ਗੋਲਡ ਦੀ ਮੰਗ ਘਟਾਉਣ ਲਈ ਕੀਤਾ ਗਿਆ ਸੀ। ਨਾਲ ਹੀ ਇਸ ਯੋਜਨਾ ਦਾ ਮਕਸਦ ਸੋਨਾ ਖਰੀਦਣ ਲਈ ਇਸਤੇਮਾਲ 'ਚ ਲਿਆਂਦੀ ਜਾਣ ਵਾਲੀ ਘਰੇਲੂ ਬੱਚਤ ਨੂੰ ਵਿੱਤੀ ਬੱਚਤ 'ਚ ਤਬਦੀਲ ਕਰਨਾ ਹੈ।

Posted By: Seema Anand