ਨਵੀਂ ਦਿੱਲੀ, ਜੇਐੱਨਐੱਨ। GoAir ਮਾਰਚ ਮਹੀਨੇ 'ਚ ਆਪਣੇ ਸਾਰੇ ਮੁਲਾਜ਼ਮਾਂ ਦੀ ਤਨਖ਼ਾਹ 'ਚ ਕਟੌਤੀ ਕਰੇਗੀ। ਗੋਏਅਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵਿਜੈ ਦੂਬੇ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਨੇ ਹਵਾਈ ਸੇਵਾਵਾਂ ਦੇ ਮਾਲੀਆ 'ਤੇ ਵੱਡਾ ਅਸਰ ਹੋਇਆ ਹੈ, ਇਸ ਕਾਰਨ ਇਹ ਕਟੌਤੀ ਕਰਨੀ ਪੈ ਰਹੀ ਹੈ।

ਦੂਬੇ ਨੇ ਮੁਲਾਜ਼ਮਾਂ ਨੂੰ ਇਕ ਮੈਸੇਜ ਜ਼ਰੀਏ ਕਿਹਾ, 'ਮੌਜੂਦਾ ਹਾਲਾਤ 'ਚ ਸਾਨੂੰ ਮਾਰਚ ਮਹੀਨੇ 'ਚ ਆਪਣੇ ਮੁਲਾਜ਼ਮਾਂ ਦੀ ਤਨਖ਼ਾਹ 'ਚ ਕਟੌਤੀ ਕਰਨੀ ਹੋਵੇਗੀ। ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਬਦਲ ਨਹੀਂ ਹੈ। ਅਸੀਂ ਇਹ ਯਕੀਨੀ ਕਰਾਂਗੇ ਕਿ ਸਭ ਤੋਂ ਘੱਟ ਤਨਖ਼ਾਹ ਸਕੇਲ ਨੂੰ ਸਭ ਤੋਂ ਘੱਟ ਨੁਕਸਾਨ ਹੋਵੇ।' ਕੋਰੋਨਾ ਦੇ ਵੱਧ ਰਹੇ ਕਹਿਰ ਨੂੰ ਦੇਖਦੇ ਹੋਏ ਦੇਸ਼ ਤੋਂ ਕੌਮਾਂਤਰੀ ਤੇ ਘਰੇਲੂ ਉਡਾਨਾਂ 'ਤੇ ਰੋਕ ਲੱਗੀ ਹੈ।

ਗੋਅਰ ਨੇ ਪਹਿਲਾਂ ਹੀ ਲਾਗਤ 'ਚ ਕਟੌਤੀ ਦੇ ਕੁਝ ਉਪਰਾਲੇ ਕੀਤੇ ਹਨ। ਇਨ੍ਹਾਂ ਉਪਰਾਲਿਆਂ 'ਚ ਪਾਈਲਟਾਂ ਦੀ ਛੁੱਟੀ ਕਰਨਾ, ਮੁਲਾਜ਼ਮਾਂ ਨੂੰ ਲੜੀਵਾਰ ਰੂਪ 'ਚ ਬਿਨਾਂ ਤਨਖ਼ਾਹ 'ਤੇ ਜਾਣ ਲਈ ਕਹਿਣਾ ਤੇ ਚੋਟੀ ਦੀ ਅਗਵਾਈ ਦੀ ਤਨਖ਼ਾਹ 'ਚ 50 ਫ਼ੀਸਦੀ ਤਕ ਕਟੌਤੀ ਦਾ ਫ਼ੈਸਲਾ ਸ਼ਾਮਲ ਹੈ।

ਇਸ ਤੋਂ ਪਹਿਲਾਂ ਇੰਡੀਗੋ ਦੇ ਸੀਈਓ ਸੰਜੈ ਦੱਤਾ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕੰਪਨੀ ਦੀ ਸੀਨੀਅਰ ਮੁਲਾਜ਼ਮਾਂ ਦੀ ਤਨਖ਼ਾਹ 'ਚ 25 ਫ਼ੀਸਦੀ ਤਕ ਕਟੌਤੀ ਹੋਵੇਗੀ। ਏਅਰ ਇੰਡੀਆ ਨੇ ਵੀ ਮੁਲਾਜ਼ਮਾਂ ਦੇ ਭੱਤਿਆਂ 'ਚ ਕਮੀ ਕਰਨ ਦਾ ਐਲਾਨ ਕੀਤਾ ਹੈ।

Posted By: Akash Deep