ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਤੇ ਲਾਕਡਾਊਨ ਕਾਰਨ ਰੁਜ਼ਗਾਰ 'ਤੇ ਬੁਰਾ ਅਸਰ ਪਿਆ ਹੈ। ਕੇਂਦਰ ਸਰਕਾਰ ਲੋਕਾਂ ਨੂੰ ਮੁੜ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦਾ ਮੌਕਾ ਦੇ ਰਹੀ ਹੈ। ਅਜਿਹੇ ਵਿਚ ਜੇਕਰ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸਰਕਾਰ ਕਈ ਤਰੀਕਿਆਂ ਨਾਲ ਤੁਹਾਡੀ ਮਦਦ ਕਰ ਸਕਦੀ ਹੈ। ਇਸ ਵਿਚ ਸਭ ਤੋਂ ਅਹਿਮ ਹੈ ਪ੍ਰਧਾਨ ਮੰਤਰੀ ਮੁਦਰਾ ਯੋਜਨਾ (PMMY)। ਇਹ ਯੋਜਨਾ ਉਨ੍ਹਾਂ ਲੋਕਾਂ ਲਈ ਜ਼ਿਆਦਾ ਫਾਇਦੇਮੰਦ ਹੈ ਜਿਨ੍ਹਾਂ ਨੂੰ ਬੈਂਕਿੰਗ ਨਿਯਮ ਪੂਰੇ ਨਾ ਕਰ ਸਕਣ ਦੀ ਵਜ੍ਹਾ ਨਾਲ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਬੈਂਕ ਲੋਨ ਨਹੀਂ ਮਿਲਦਾ। ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਤਿੰਨ ਪੜਾਵਾਂ 'ਚ ਲੋਨ ਦਿੱਤਾ ਜਾਂਦਾ ਹੈ। ਆਮ ਤੌਰ 'ਤੇ ਇਸ ਤਹਿਤ ਲੋਨ ਦੀ ਘੱਟੋ-ਘੱਟ ਵਿਆਜ ਦਰ 12 ਫ਼ੀਸਦੀ ਹੈ।

ਸ਼ਿਸ਼ੂ ਲੋਨ ਯੋਜਨਾ : ਇਸ ਯੋਜਨਾ ਤਹਿਤ ਦੁਕਾਨ ਆਦਿ ਖੋਲ੍ਹਣ ਲਈ 50,000 ਰੁਪਏ ਤਕ ਦਾ ਲੋਨ ਲਿਆ ਜਾ ਸਕਦਾ ਹੈ।

ਕਿਸ਼ੋਰ ਲੋਨ ਯੋਜਨਾ : ਇਸ ਤਹਿਤ 50,000 ਰੁਪਏ ਤੋਂ 5 ਲੱਖ ਰੁਪਏ ਤਕ ਦਾ ਲੋਨ ਮਿਲਦਾ ਹੈ।

ਤਰੁਣ ਲੋਨ ਯੋਜਨਾ : ਛੋਟੇ ਉਦਯੋਗਾਂ ਲਈ ਤਰੁਣ ਲੋਨ ਯੋਜਨਾ ਹੈ। ਇਸ ਵਿਚ 5 ਲੱਖ ਤੋਂ 10 ਲੱਖ ਰੁਪਏ ਤਕ ਦਾ ਲੋਨ ਦਿੱਤਾ ਜਾਂਦਾ ਹੈ।

ਕੌਣ ਲੈ ਸਕਦਾ ਹੈ ਲੋਨ

ਪ੍ਰਧਾਨ ਮੰਤਰੀ ਮੁਦਰਾ ਯੋਜਨਾ ਸਿਰਫ਼ ਛੋਟੇ ਵਪਾਰੀਆਂ ਤੇ ਕਾਰੋਬਾਰੀਆਂ ਲਈ ਹੈ, ਜਿਵੇਂ ਛੋਟੀ ਅਸੈਂਬਲਿੰਗ ਯੂਨਿਟ, ਸੇਵਾ ਖੇਤਰ ਦੀਆਂ ਇਕਾਈਆਂ, ਦੁਕਾਨਦਾਰ, ਫਲ-ਸਬਜ਼ੀ ਵਿਕਰੇਤਾ, ਟਰੱਕ ਚਾਲਕ, ਖ਼ੁਰਾਕ ਸੇਵਾ ਇਕਾਈਆਂ, ਮਸ਼ੀਨ ਸੰਚਾਲਨ, ਲਘੂ ਉਦਯੋਗ, ਦਸਤਕਾਰ, ਫੂਡ ਪ੍ਰੋਸੈੱਸਿੰਗ ਆਦਿ ਲਈ ਯੋਜਨਾ ਤਹਿਤ ਲੋਨ ਲਿਆ ਜਾ ਸਕਦਾ ਹੈ।

ਇੱਥੋਂ ਲੈ ਸਕਦੇ ਹੋ ਲੋਨ

ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਕਿਸੇ ਵੀ ਸਰਕਾਰੀ ਬੈਂਕ, ਗ੍ਰਾਮੀਣ ਬੈਂਕ, ਸਹਿਕਾਰੀ ਬੈਂਕ, ਪ੍ਰਾਈਵੇਟ ਬੈਂਕ ਜਾਂ ਵਿਦੇਸ਼ੀ ਬੈਂਕਾਂ ਤੋਂ ਲੋਨ ਲਿਆ ਜਾ ਸਕਦਾ ਹੈ।

ਲੋਨ ਲਈ ਇਹ ਕਾਗ਼ਜ਼ਾਤ ਚਾਹੀਦੇ

ਜੇਕਰ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਮਕਾਨ ਦੇ ਮਾਲਕਾਨਾ ਹੱਕ ਜਾਂ ਕਿਰਾਏ ਦੇ ਦਸਤਾਵੇਜ਼, ਕੰਮ ਨਾਲ ਜੁੜੀ ਜਾਣਕਾਰੀ, ਆਧਾਰ, ਪੈਨ, ਨੰਬਰ ਸਮੇਤ ਕਈ ਹੋਰ ਦਸਤਾਵੇਜ਼ ਦੇਣੇ ਪੈਣਗੇ।

ਲੋਨ ਹਾਸਿਲ ਕਰਨ ਦੀ ਪੂਰੀ ਪ੍ਰਕਿਰਿਆ

https://www.mudra.org.in/ ਵੈੱਬਸਾਈਟ ਤੋਂ ਲੋਨ ਐਪਲੀਕੇਸ਼ਨ ਫਾਰਮ ਡਾਊਨਲੋਡ ਕਰੋ। ਸ਼ਿਸ਼ੂ ਲੋਨ ਲਈ ਫਾਰਮ ਵੱਖਰਾ ਹੈ, ਉੱਥੇ ਹੀ ਤਰੁਣ ਤੇ ਕਿਸ਼ੋਰ ਲੋਨ ਲਈ ਫਾਰਮ ਇਕ ਹੈ। ਲੋਨ ਐਪਲੀਕੇਸ਼ਨ ਫਾਰਮ 'ਚ ਸਾਰੀ ਜਾਣਕਾਰੀ (ਮੋਬਾਈਲ ਨੰਬਰ, ਆਧਾਰ ਨੰਬਰ, ਨਾਂ, ਪਤਾ) ਭਰੋ। ਬਿਜ਼ਨੈੱਸ ਕਿੱਥੇ ਸ਼ੁਰੂ ਕਰਨਾ ਚਾਹੁੰਦੇ ਹੋ, ਇਹ ਵੀ ਦੱਸੋ। ਇਸ ਤੋਂ ਇਲਾਵਾ ਓਬੀਸੀ, ਐੱਸਸੀ/ਐੱਸਟੀ ਵਰਗਾਂ ਦੇ ਬਿਨੈਕਾਰਾਂ ਨੂੰ ਜਾਤੀ ਪ੍ਰਮਾਣ ਪੱਤਰ ਮੁਹੱਈਆ ਕਰਵਾਉਣਾ ਪਵੇਗਾ। ਨਾਲ ਹੀ 2 ਪਾਸਪੋਰਟ ਫੋਟੋ ਲੱਗਣਗੀਆਂ। ਫਾਰਮ ਭਰਨ ਤੋਂ ਬਾਅਦ ਬੈਂਕ ਜਾਓ ਤੇ ਸਾਰੀ ਪ੍ਰਕਿਰਿਆ ਪੂਰੀ ਕਰੋ। ਅਖੀਰ 'ਚ ਬੈਂਕ ਦਾ ਬ੍ਰਾਂਚ ਮੈਨੇਜਰ ਤੁਹਾਡੇ ਕੰਮਕਾਜ ਬਾਰੇ ਜਾਣਕਾਰੀ ਲੈਂਦਾ ਹੈ ਤੇ ਉਸੇ ਆਧਾਰ 'ਤੇ ਤੁਹਾਨੂੰ PMMY ਲੋਨ ਮਨਜ਼ੂਰ ਕਰਦਾ ਹੈ।

ਸਟੈਂਡਅਪ ਇੰਡੀਆ ਯੋਜਨਾ

ਇਸ ਯੋਜਨਾ ਤਹਿਤ ਐਂਟਰਪ੍ਰੈਨਿਓਰਸ਼ਿਪ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਇਸ ਵਿਚ 10 ਲੱਖ ਰੁਪਏ ਤੋਂ ਇਕ ਕਰੋੜ ਰੁਪਏ ਤਕ ਦਾ ਲੋਨ ਮਿਲਦਾ ਹੈ। ਤੁਸੀਂ ਸਿੱਧੇ ਬੈਂਕ ਬ੍ਰਾਂਚ, ਸਟੈਂਡਅਪ ਇੰਡੀਆ ਪੋਰਟਲ ਤੇ ਮੋਹਰੀ ਜ਼ਿਲ੍ਹਾ ਪ੍ਰਬੰਧਕ ਦੀ ਮਦਦ ਨਾਲ ਅਪਲਾਈ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਪਛਾਣ ਪੱਤਰ, ਜਾਤੀ ਪ੍ਰਮਾਣ ਪੱਤਰ, ਦੇਣੇ ਪੈਣਗੇ। ਔਰਤਾਂ ਨੂੰ ਜਾਤੀ ਪ੍ਰਮਾਣ ਪੱਤਰ ਨਹੀਂ ਦੇਣਾ ਪਵੇਗਾ। ਇਸ ਦੇ ਨਾਲ ਹੀ ਲੋਨ ਬਿਨੈਕਾਰ ਨੂੰ ਇਕ ਪ੍ਰੋਜੈਕਟ ਰਿਪੋਰਟ ਵੀ ਦੇਣੀ ਪਵੇਗੀ।

ਸੁਬੋਰਡੀਨੇਟ ਕਰਜ਼ ਯੋਜਨਾ

ਇਸ ਯੋਜਨਾ ਤਹਿਤ ਬਿਨਾਂ ਗਾਰੰਟੀ ਦਿੱਤੇ ਲੋਨ ਮਿਲੇਗਾ ਤੇ ਤੁਸੀਂ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਭਾਰਤ ਸਰਕਾਰ ਨੇ MSME ਯਾਨੀ ਸੂਖਮ, ਲਘੂ ਤੇ ਦਰਮਿਆਨੇ ਉਦਯੋਗਾਂ ਨੂੰ ਹੱਲਾਸ਼ੇਰੀ ਦੇਣ ਲਈ ਇਸ ਨਵੀਂ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਵਿਚ ਜੇਕਰ ਬੈਂਕ ਤੁਹਾਡਾ ਬਿਜ਼ਨੈੱਸ ਪ੍ਰੋਜੈਕਟ ਪਾਸ ਕਰਦਾ ਹੈ ਤਾਂ ਉਸ 'ਤੇ ਬੈਂਕ ਗਾਰੰਟੀ ਦੇਣ ਦੀ ਮਜਬੂਰੀ ਖ਼ਤਮ ਹੋ ਜਾਂਦੀ ਹੈ। ਸਰਕਾਰ ਨੇ ਇਸ ਯੋਜਨਾ ਲਈ ਕਰੀਬ 20 ਹਜ਼ਾਰ ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਯੋਜਨਾ ਨਾਲ 2 ਲੱਖ MSME ਇਕਾਈਆਂ ਨੂੰ ਲਾਭ ਮਿਲ ਸਕੇਗਾ।

ਪ੍ਰਧਾਨ ਮੰਤਰੀ ਪਥ ਵਿਕਰੇਤਾ ਆਤਮਨਿਰਭਰ ਨਿਧੀ ਪ੍ਰੋਗਰਾਮ

ਇਸ ਯੋਜਨਾ ਤਹਿਤ ਗਲ਼ੀ-ਗਲ਼ੀ ਸਾਮਾਨ ਵੇਚਣ ਵਾਲਿਆਂ ਨੂੰ ਕਾਰਜਸ਼ੀਲ ਪੂੰਜੀ ਦੇ ਰੂਪ 'ਚ ਬੈਂਕਾਂ ਤੋਂ 10 ਹਜ਼ਾਰ ਰੁਪਏ ਦਾ ਲੋਨ ਮੁਹੱਈਆ ਕਰਵਾਇਆ ਜਾਵੇਗਾ। ਯੋਜਨਾ ਦਾ ਲਾਭ ਦੇਣ ਲਈ ਨਿਗਮ ਹੈੱਡਕੁਆਰਟਰ ਤੇ ਜ਼ੋਨਲ ਦਫ਼ਤਰਾਂ 'ਤੇ ਅਤੇ ਨਿਗਮ ਦੀ ਟੀਮ ਵੱਲੋਂ ਵੀ ਫਾਰਮ ਲੈ ਕੇ ਪੋਟਰਲ 'ਤੇ ਰਜਿਸਟ੍ਰੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ। ਰਜਿਸਟ੍ਰੇਸ਼ਨ ਲਈ ਵਿਅਕਤੀ ਦਾ ਆਧਾਰ ਕਾਰਡ ਹੋਵੇ ਤੇ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਜੁੜਿਆ ਹੋਵੇ, ਉੱਥੇ ਹੀ ਸਾਰੀਆਂ ਆਈਡੀਜ਼ ਨਾਲ ਸੇਵਿੰਗ ਖਾਤੇ ਦੀ ਪਾਸਬੁੱਕ ਜ਼ਰੂਰੀ ਹੈ।

Posted By: Seema Anand