ਵਾਸ਼ਿੰਗਟਨ (ਏਜੰਸੀ) : ਪ੍ਰਸਿੱਧ ਅਰਥ-ਸ਼ਾਸਤਰੀ ਗੀਤਾ ਗੋਪੀਨਾਥ ਨੇ ਕੌਮਾਂਤਰੀ ਮੁਦਰਾ ਖਜ਼ਾਨੇ (ਆਈਐੱਮਐੱਫ) 'ਚ ਮੁੱਖ ਅਰਥ-ਸ਼ਾਸਤਰੀ ਦਾ ਅਹੁਦਾ ਸੰਭਾਲ ਲਿਆ ਹੈ। ਇਸ ਅਹੁਦੇ 'ਤੇ ਪੁੱਜਣ ਵਾਲੀ ਉਹ ਪਹਿਲੀ ਮਹਿਲਾ ਹੈ। 47 ਸਾਲਾ ਗੋਪੀਨਾਥ ਅਮਰੀਕੀ ਨਾਗਰਿਕ ਹੈ, ਪਰ ਉਹ ਭਾਰਤਵੰਸ਼ੀ ਹੈ। ਉਨ੍ਹਾਂ ਦਾ ਜਨਮ ਦੱਖਣੀ ਭਾਰਤ ਦੇ ਮੈਸੂਰ 'ਚ ਹੋਇਆ ਸੀ।

ਉਨ੍ਹਾਂ ਪਿਛਲੇ ਹਫ਼ਤੇ ਅਜਿਹੇ ਸਮੇਂ 'ਚ ਅਹੁਦਾ ਸੰਭਾਲਿਆ ਹੈ, ਜਦੋਂ ਉਨ੍ਹਾਂ ਮੁਤਾਬਕ ਦੁਨੀਆ 'ਚ ਗਲੋਬਲਾਈਜੇਸ਼ਨ ਤੋਂ ਪਿੱਛੇ ਹਟਣ ਦਾ ਰੁਝਾਨ ਵੇਖਿਆ ਜਾ ਰਿਹਾ ਹੈ। ਇਸ ਨਾਲ ਬਹੁਪੱਖੀ ਸੰਸਥਾਨਾਂ ਦੇ ਸਾਹਮਣੇ ਚੁਣੌਤੀ ਪੈਦਾ ਹੋ ਗਈ ਹੈ। ਹਾਰਵਰਡ ਯੂਨੀਵਰਸਿਟੀ 'ਚ ਇੰਟਰਨੈਸ਼ਨਲ ਸਟੱਡੀਜ਼ ਤੇ ਇਕੋਨਾਮਿਕਸ ਦੀ ਜਾਨ ਜਵਾਂਸਟਰਾ ਪ੍ਰੋਫੈਸਰ ਗੋਪੀਨਾਥ ਨੇ ਆਈਐੱਮਐੱਫ ਦੇ ਰਿਸਰਚ ਡਿਪਾਰਟਮੈਂਟ ਦੀ ਆਰਥਿਕ ਸਲਾਹਕਾਰ ਤੇ ਨਿਰਦੇਸ਼ਕ ਦੇ ਰੂਪ 'ਚ ਮਾਰੀ ਆਬਸਟਫੇਲਡ ਦੀ ਥਾਂ ਲਈ ਹੈ। ਆਬਸਟਫੇਲਡ 31 ਦਸੰਬਰ ਨੂੰ ਸੇਵਾਮੁਕਤ ਹੋਏ।

ਆਈਐੱਮਐੱਫ ਦੀ 11ਵੀਂ ਮੁੱਖ ਅਰਥ ਸ਼ਾਸਤਰੀ ਗੋਪੀਨਾਥ ਨੇ ਹਾਲ 'ਚ ਹਾਰਵਰਡ ਗਜਟ ਨੂੰ ਦਿੱਤੇ ਇਕ ਇੰਟਰਵਿਊ 'ਚ ਇਸ ਅਹੁਦੇ 'ਤੇ ਨਿਯੁਕਤੀ ਨੂੰ ਆਪਣੇ ਲਈ ਸਭ ਤੋਂ ਵੱਧ ਸਨਮਾਨ ਦੀ ਗੱਲ ਦੱਸਿਆ। ਇਸ ਅਹੁਦੇ 'ਤੇ ਆਪਣੀ ਪ੍ਰਾਥਮਿਕਤਾਵਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਚਾਹੇਗੀ ਕਿ ਮਹੱਤਵਪੂਰਨ ਨੀਤੀਗਤ ਮਸਲਿਆਂ 'ਤੇ ਆਈਐੱਮਐੱਫ ਦੀ ਬੌਧਿਕ ਅਗਵਾਈ ਬਰਕਰਾਰ ਰਹੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪ੍ਰਮੁੱਖ ਮੁੱਦਿਆਂ 'ਤੇ ਉਹ ਰਿਸਰਚ ਨੂੰ ਅੱਗੇ ਵਧਾਉਣਾ ਚਾਹੇਗੀ, ਉਨ੍ਹਾਂ 'ਚੋਂ ਇਕ ਹੈ ਕੌਮਾਂਤਰੀ ਵਪਾਰ ਤੇ ਫਾਈਨਾਂਸ 'ਚ ਡਾਲਰ ਵਰਗੀ ਇਕ ਦਮਦਾਰ ਕਰੰਸੀਆਂ ਦੀ ਭੂਮਿਕਾ ਨੂੰ ਸਮਝਣਾ। ਗਲੋਬਲਾਈਜੇਸ਼ਨ ਤੋਂ ਪਿੱਛੇ ਹਟਣ ਦੇ ਦਿਖ ਰਹੇ ਰੁਝਾਨ ਨੂੰ ਉਨ੍ਹਾਂ ਆਈਐੱਮਐੱਫ ਸਾਹਮਣੇ ਖੜ੍ਹੀ ਸਭ ਤੋਂ ਵੱਡੀ ਚੁਣੌਤੀਆਂ 'ਚੋਂ ਇਕ ਦੱਸਿਆ। ਉਨ੍ਹਾਂ ਕਿਹਾ ਕਿ ਪਿਛਲੇ 60 ਵਰਿ੍ਹਆਂ 'ਚ ਅਜਿਹਾ ਨਹੀਂ ਹੋਇਆ। ਇਨ੍ਹਾਂ 60 ਵਰਿ੍ਹਆਂ 'ਚ ਦੁਨੀਆ ਘੱਟ ਸਰਹੱਦੀ ਫੀਸ ਤੇ ਅਧਿਕਾਧਿਕ ਕੌਮਾਂਤਰੀ ਵਪਾਰ ਵੱਲ ਵਧੀ ਹੈ।