ਮੁੰਬਈ (ਪੀਟੀਆਈ) : ਘਰੇਲੂ ਸ਼ੇਅਰ ਬਾਜ਼ਾਰ 'ਚ ਚਾਰ ਦਿਨਾਂ ਤੋਂ ਜਾਰੀ ਤੇਜ਼ੀ 'ਤੇ ਵੀਰਵਾਰ ਨੂੰ ਬ੍ਰੇਕ ਲੱਗ ਗਈ ਅਤੇ ਬੈਂਕਿੰਗ ਸ਼ੇਅਰਾਂ 'ਚ ਗਿਰਾਵਟ ਕਾਰਨ ਪ੍ਰਮੁੱਖ ਸੂਚਕ ਅੰਕ ਸੈਂਸੈਕਸ 'ਚ 100 ਅੰਕਾਂ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ। ਕਾਰੋਬਾਰੀਆਂ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰਾਂ ਦੇ ਸੁਸਤ ਰੁਝਾਨਾਂ ਨਾਲ ਵੀ ਬਾਜ਼ਾਰ 'ਚ ਗਿਰਾਵਟ ਨੂੰ ਮਜ਼ਬੂਤੀ ਮਿਲੀ। ਬੀਐੱਸਈ ਦਾ ਸੈਂਸੈਕਸ 106.41 ਅੰਕਾਂ ਦੀ ਗਿਰਾਵਟ ਦੇ ਨਾਲ 36,106.50 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ 33.55 ਅੰਕਾਂ ਦੀ ਗਿਰਾਵਟ ਨਾਲ 10,821.60 'ਤੇ ਬੰਦ ਹੋਇਆ।

ਬੈਂਕਿੰਗ ਸ਼ੇਅਰਾਂ 'ਚ ਪ੍ਰਮੁੱਖਤਾ ਨਾਲ ਗਿਰਾਵਟ ਦੇਖੀ ਗਈ। ਇੰਡਸਇੰਡ ਬੈਂਕ, ਕੋਟਕ ਮਹਿੰਦਰਾ ਬੈਂਕ, ਐਕਸਿਸ ਬੈਂਕ, ਆਈਸੀਆਈਸੀਆਈ ਬੈਂਕ, ਐੱਚਡੀਐੱਫਸੀ ਬੈਂਕ ਅਤੇ ਐੱਸਬੀਆਈ 'ਚ 2.15 ਫ਼ੀਸਦੀ ਤਕ ਗਿਰਾਵਟ ਰਹੀ। ਦੂਜੇ ਪਾਸੇ ਟਾਟਾ ਮੋਟਰਸ, ਐੱਨਟੀਪੀਸੀ, ਇਨਫੋਸਿਸ, ਯੈੱਸ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਭਾਰਤੀ ਏਅਰਟੈੱਲ ਅਤੇ ਹਿੰਦੁਸਤਾਨ ਯੂਨੀਲਿਵਰ 'ਚ 1.34 ਫ਼ੀਸਦੀ ਤਕ ਤੇਜ਼ੀ ਰਹੀ। ਇਸ ਦੌਰਾਨ ਬਾਜ਼ਾਰ ਦੇ ਆਰਜ਼ੀ ਅੰਕੜਿਆਂ ਦੇ ਮੁਤਾਬਕ, ਬੁੱਧਵਾਰ ਨੂੰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫਪੀਆਈ) ਨੇ 276.14 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਲਿਵਾਲੀ ਕੀਤੀ। ਘਰੇਲੂ ਸੰਸਥਾਗਤ ਨਿਵੇਸ਼ਕਾਂ (ਡੀਆਈਆਈ) ਨੇ ਵੀ 439.67 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਲਿਵਾਲੀ ਕੀਤੀ ਸੀ। ਸੈਂਕਟਮ ਵੈਲਥ ਮੈਨੇਜਮੈਂਟ ਦੇ ਮੁੱਖ ਨਿਵੇਸ਼ ਅਧਿਕਾਰੀ ਸੁਨੀਲ ਸ਼ਰਮਾ ਨੇ ਕਿਹਾ ਕਿ ਤਿਮਾਹੀ ਨਤੀਜੇ ਆਉਣ ਤੋਂ ਬਾਅਦ ਸਥਿਤੀ 'ਚ ਸਪੱਸ਼ਟਤਾ ਆਵੇਗੀ। ਇਨ੍ਹਾਂ ਨਤੀਜਿਆਂ 'ਚ ਨਿਵੇਸ਼ਕਾਂ ਦਾ ਧਿਆਨ ਭਵਿੱਖ ਦੇ ਆਮਦਨ ਅਨੁਮਾਨਾਂ 'ਤੇ ਟਿਕਿਆ ਰਹੇਗਾ।

ਏਸ਼ੀਆ ਦੇ ਹੋਰ ਪ੍ਰਮੁੱਖ ਬਾਜ਼ਾਰਾਂ 'ਚ ਕੋਰੀਆ ਦਾ ਕੋਸਪੋ 0.06 ਫ਼ੀਸਦੀ, ਜਾਪਾਨ ਦਾ ਨਿਕੇਈ 1.29 ਫ਼ੀਸਦੀ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.36 ਫ਼ੀਸਦੀ ਡਿੱਗ ਕੇ ਬੰਦ ਹੋਇਆ। ਹਾਂਗਕਾਂਗ ਦੇ ਹੈਂਗਸੇਂਗ 'ਚ ਹਾਲਾਂਕਿ 0.22 ਫ਼ੀਸਦੀ ਤੇਜ਼ੀ ਦਰਜ ਕੀਤੀ ਗਈ। ਯੂਰਪ ਦੇ ਪ੍ਰਮੁੱਖ ਬਾਜ਼ਾਰਾਂ 'ਚ ਸ਼ੁਰੂਆਤੀ ਕਾਰੋਬਾਰ 'ਚ ਗਿਰਾਵਟ ਦੇਖੀ ਗਈ।