ਨਵੀਂ ਦਿੱਲੀ : ਮਸ਼ਹੂਰ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਕੋਰੋਨਾ ਵਾਇਰਸ ਸੰਕਟ ਕਾਰਨ ਪ੍ਰਭਾਵਿਤ ਹੋਏ ਛੋਟੇ ਕਾਰੋਬਾਰਾਂ ਲਈ ਸਹਾਇਤਾ ਰਾਸ਼ੀ ਪ੍ਰੋਗਰਾਮ ਆਯੋਜਿਤ ਕੀਤਾ ਹੈ। ਕੰਪਨੀ ਨੇ ਇਨ੍ਹਾਂ ਕਾਰੋਬਾਰਾਂ ਲਈ 10 ਕਰੋੜ ਡਾਲਰ ਦਾ ਸਹਾਇਤਾ ਰਾਸ਼ੀ ਪ੍ਰੋਗਰਾਮ ਲਾਂਚ ਕੀਤਾ ਹੈ। ਫੇਸਬੁੱਕ ਦਾ ਇਹ ਪ੍ਰੋਗਰਾਮ 30 ਤੋਂ ਜ਼ਿਆਦਾ ਦੇਸ਼ਾਂ 'ਚ ਚੱਲੇਗਾ ਤੇ ਇਸ ਤਹਿਤ 30,000 ਕਾਰੋਬਾਰੀਆਂ ਨੂੰ ਸਹਾਇਤਾ ਦਿੱਤੀ ਜਾਵੇਗੀ।

ਫੇਸਬੁੱਕ ਨੇ ਕਿਹਾ ਹੈ ਕਿ ਅਸੀਂ ਜਾਣਦੇ ਹਾਂ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਛੋਟੇ ਕਾਰੋਬਾਰਾਂ ਨੂੰ ਲਗਾਤਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਛੋਟੇ ਕਾਰੋਬਾਰੀਆਂ ਲਈ ਸਾਡੀ ਵਚਨਬੱਧਤਾ ਅਨੁਸਾਰ ਅਸੀਂ ਭਾਰਤ ਸਮੇਤ 30 ਤੋਂ ਜ਼ਿਆਦਾ ਦੇਸ਼ਾਂ 'ਚ 30,000 ਯੋਗ ਛੋਟੇ ਕਾਰੋਬਾਰੀਆਂ ਦੀ ਮਦਦ ਕਰਨ ਲਈ 100 ਮਿਲੀਅਨ ਡਾਲਰ ਦੀ ਸਹਾਇਤਾ ਰਾਸ਼ੀ ਪ੍ਰੋਗਰਾਮ ਦਾ ਐਲਾਨ ਕਰਦੇ ਹਾਂ। ਭਾਰਤ 'ਚ ਇਸ ਪ੍ਰੋਗਰਾਮ ਤਹਿਤ ਸਹਾਇਤਾ ਦੇਣੀ ਸ਼ੁਰੂ ਹੋ ਗਈ ਹੈ।

ਜਾਣੋ ਕੀ ਹੈ ਯੋਗਤਾ

ਫੇਸਬੁੱਕ ਦੇ ਇਸ ਪ੍ਰੋਗਰਾਮ ਦਾ ਲਾਭ ਲੈਣ ਲਈ ਛੋਟੇ ਕਾਰੋਬਾਰੀਆਂ ਲਈ ਕੁਝ ਯੋਗਤਾਵਾਂ ਰੱਖੀਆਂ ਗਈਆਂ ਹਨ। ਇਸ ਅਨੁਸਾਰ ਉਹੀ ਛੋਟਾ ਕਾਰੋਬਾਰੀ ਇਸ ਸਹਾਇਤਾ ਰਾਸ਼ੀ ਦਾ ਫ਼ਾਇਦਾ ਲੈ ਸਕਦਾ ਹੈ, ਜੋ ਕੋਰੋਨਾ ਸੰਕਟ ਕਾਰਨ ਪ੍ਰਭਾਵਿਤ ਹੋਇਆ ਹੈ, ਉਸ ਕੋਲ ਇਕ ਜਨਵਰੀ 2020 ਨੂੰ 50 ਦੇ ਦੌਰਾਨ ਕਰਮਚਾਰੀ ਹੋਣ, ਉਹ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਵਪਾਰ ਕਰ ਰਿਹਾ ਹੋਵੇ। ਉਹ ਲਾਭ ਕਮਾਉਣ ਦੇ ਉਦੇਸ਼ ਨਾਲ ਸਥਾਪਿਤ ਇਕ ਕਾਰੋਬਾਰ ਹੋਵੇ ਤੇ ਉਹ ਫੇਸਬੁੱਕ ਇੰਡੀਆ ਦੇ ਦਫ਼ਤਰਾਂ ਵਾਲੇ ਸ਼ਹਿਰਾਂ ਤੇ ਇਸ ਦੇ ਆਸ-ਪਾਸ ਸਥਾਪਿਤ ਹੋਵੇ। ਜ਼ਿਕਰਯੋਗ ਹੈ ਕਿ ਫੇਸਬੁੱਕ ਇੰਡੀਆ ਦੇ ਦਫ਼ਤਰ ਦਿੱਲੀ, ਗੁਰੂਗ੍ਰਾਮ, ਬੈਂਗਲੁਰੂ, ਹੈਦਰਾਬਾਦ ਤੇ ਮੁੰਬਈ 'ਚ ਹੈ।

ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ

ਫੇਸਬੁੱਕ ਨੇ ਦੱਸਿਆ ਹੈ ਕਿ ਭਾਰਤ 'ਚ ਇਸ ਪ੍ਰੋਗਰਾਮ ਤਹਿਤ ਯੋਗ ਉਮੀਦਵਾਰ 21 ਸਤੰਬਰ, 2020 ਨੂੰ ਰਾਤ 11 ਵੱਜ ਕੇ 59 ਮਿੰਟ ਤਕ ਇਸ ਲਈ ਅਪਲਾਈ ਕਰ ਸਕਦਾ ਹੈ।

Posted By: Harjinder Sodhi