ਨਵੀਂ ਦਿੱਲੀ (ਆਈਏਐੱਨਐੱਸ) : ਫੇਸਬੁੱਕ ਦੁਨੀਆ ਦੇ ਟਾਪ 10 ਬੈਸਟ ਬ੍ਰੈਂਡਸ ਦੀ ਲਿਸਟ ਤੋਂ ਬਾਹਰ ਹੋ ਗਈ ਹੈ। ਪ੍ਰਾਇਵੇਸੀ ਸਕੈਂਡਲ ਤੇ ਲੰਬੀਆਂ ਜਾਂਚ ਪ੍ਰਕਿਰਿਆਵਾਂ ਕਾਰਨ ਫੇਸਬੁੱਕ ਨੇ ਦੁਨੀਆ ਦੇ ਦਸ ਸਭ ਤੋਂ ਵੈਲਿਊਏਬਲ ਬ੍ਰੈਂਡਸ 'ਚ ਆਪਣਾ ਸਥਾਨ ਗੁਆ ਦਿੱਤਾ ਹੈ। ਬੈਸਟ ਟਾਪ 100 ਬ੍ਰੈਂਡਸ ਦੀ ਗਲੋਬਲ ਬ੍ਰੈਂਡ ਕੰਸਲਟੈਂਸੀ ਇੰਟਰਬ੍ਰੈਂਡਸ ਐਨੁਅਲ ਰੈਂਕਿੰਗ 'ਚ ਇਸ ਵਾਰ ਫੇਸਬੁੱਕ ਦਾ 14ਵਾਂ ਨੰਬਰ ਹੈ, ਉੱਥੇ ਹੀ ਗੂਗਲ ਲਿਸਟ 'ਚ ਟਾਪ 'ਤੇ ਰਿਹਾ।

ਦੋ ਸਾਲ ਪਹਿਲਾਂ ਇਸ ਸੋਸ਼ਲ ਨੈੱਟਵਰਕਿੰਗ ਸਾਈਟ ਦਾ ਲਿਸਟ 'ਚ ਅੱਠਵਾਂ ਨੰਬਰ ਸੀ। ਐੱਪਲ ਟਾਪ 'ਤੇ ਹੈ ਤੇ ਉਸ ਤੋਂ ਬਾਅਦ ਲੜੀਵਾਰ ਗੂਗਲ ਤੇ ਐਮਾਜ਼ੋਨ ਬ੍ਰਾਂਡ ਹਨ। ਇਸ ਸੂਚੀ 'ਚ ਮਾਈਕ੍ਰੋਸਾਫਟ ਨੇ ਚੌਥਾ ਸਥਾਨ ਹਾਸਿਲ ਕੀਤਾ, ਉੱਥੇ ਹੀ ਕੋਕਾ-ਕੋਲਾ ਪੰਜਵੇਂ ਤੇ ਸੈਮਸੰਗ ਛੇਵੇਂ ਸਥਾਨ 'ਤੇ ਰਹੇ। ਲਿਸਟ 'ਚ ਸੱਤਵਾਂ ਸਥਾਨ ਟੋਇਟਾ ਕੰਪਨੀ ਨੂੰ ਮਿਲਿਆ ਹੈ। ਇਸ ਤੋਂ ਬਾਅਦ ਮਰਸਿਡੀਜ਼ ਕੰਪਨੀ ਅੱਠਵੇਂ ਨੰਬਰ 'ਤੇ ਆਈ ਜਦਕਿ ਮੈਕਡੋਨਾਲਡ ਨੂੰ ਨੌਵਾਂ ਤੇ ਡਿਜ਼ਨੀ ਨੂੰ 10ਵਾਂ ਸਥਾਨ ਮਿਲਿਆ ਹੈ।

ਫੇਸਬੁੱਕ ਦੇ ਲਿਸਟ 'ਚ ਸ਼ਾਮਲ ਨਾ ਹੋਣ 'ਤੇ ਯੂਐੱਸ ਬੇਸਡ ਸਾਫਟਵੇਅਰ ਕੰਪਨੀ ਸੇਲਜ਼ਫੋਰਸ ਦੇ ਸੀਈਓ ਮਾਰਕ ਬੇਨੀਆਫ ਨੇ ਇਸ ਸੋਸ਼ਲ ਨੈੱਟਵਰਕਿੰਗ ਪਲੈਟਫਾਰਮ ਨੂੰ ਅਜਿਹੀ 'ਨਵੀਂ ਸਿਗਰੇਟ' ਦੱਸਿਆ, ਜਿਹੜੀ ਬੱਚਿਆਂ ਲਈ ਐਡੀਕਸ਼ਨ ਬਣ ਰਹੀ ਹੈ।

ਕਾਬਿਲੇਗ਼ੌਰ ਹੈ ਕਿ ਫੇਸਬੁੱਕ ਪ੍ਰਾਇਵੇਸੀ ਉਲੰਘਣਾਂ ਸਬੰਧੀ ਯੂਐੱਸ ਫੈਡਰਲ ਟਰੇਡ ਕਮਿਸ਼ਨ (FTC) ਸਾਹਮਣੇ ਸੈਟਲਮੈਂਟ ਦੇ ਰੂਪ 'ਚ 5 ਬਿਲੀਅਨ ਡਾਲਰ ਦੇ ਭੁਗਤਾਨ ਲਈ ਤਿਆਰ ਹੋਈ ਹੈ। ਸੁਤੰਤਰ ਰਿਸਰਚ ਫਰਮ Ponemon ਇੰਸਟੀਚਿਊਟ ਵੱਲੋਂ 2018 'ਚ ਕੀਤੇ ਗਏ ਇਕ ਸਰਵੇ ਅਨੁਸਾਰ 87 ਮਿਲੀਅਨ ਯੂਜ਼ਰਜ਼ ਨੂੰ ਪ੍ਰਭਾਵਿਤ ਕਰਨ ਵਾਲੇ ਕੈਂਬ੍ਰਿਜ ਐਨਾਲਿਟਿਕਾ ਡੈਟਾ ਸਕੈਂਡਲ ਤੋਂ ਬਾਅਦ ਯੂਜ਼ਰਜ਼ ਦਾ ਫੇਸਬੁੱਕ 'ਚ ਭਰੋਸਾ 66 ਫ਼ੀਸਦੀ ਤਕ ਡਿੱਗਿਆ ਹੈ।

ਸਰਵੇ ਅਨੁਸਾਰ ਸਿਰਫ਼ 28 ਫ਼ੀਸਦੀ ਫੇਸਬੁੱਕ ਯੂਜ਼ਰਜ਼ ਹੀ ਮੰਨਦੇ ਹਨ ਕਿ ਕੰਪਨੀ ਪ੍ਰਾਇਵੇਸੀ ਨੂੰ ਲੈ ਕੇ ਜ਼ਿੰਮੇਵਾਰ ਹੈ। ਇਹ ਅੰਕੜਾ ਪਹਿਲਾਂ 79 ਫ਼ੀਸਦੀ ਸੀ। ਰਿਸਰਚ ਫਰਮ ਨੇ ਦੱਸਿਆ, 'ਅਸੀਂ ਪਾਇਆ ਹੈ ਕਿ ਲੋਕ ਉਨ੍ਹਾਂ ਦੀ ਨਿੱਜਤਾ ਬਾਰੇ ਗਹਿਰਾਈ ਨਾਲ ਸੋਚ ਰਹੇ ਹਨ। ਲੋਕ ਫੇਸਬੁੱਕ ਦੇ ਪ੍ਰਾਇਵੇਸੀ ਉਲੰਘਣਾਂ ਦੇ ਮਾਮਲਿਆਂ ਬਾਰੇ ਗੰਭੀਰ ਹਨ।'

Posted By: Seema Anand