ਜੇਐੱਨਐੱਨ, ਸਾਨ ਫਰਾਂਸਿਸਕੋ/ਬਲੂਮਬਰਗ : ਗੂਗਲ ਤੇ ਫੇਸਬੁੱਕ ਵਰਗੀਆਂ ਦੁਨੀਆਂ ਦੀਆਂ ਵੱਡੀਆਂ ਟੈੱਕ ਕੰਪਨੀਆਂ ਲੰਬੇ ਸਮੇਂ ਤੋਂ ਟੌਪ 10 ਵਰਕਪਲੇਸ ਵਾਲੀਆਂ ਕੰਪਨੀਆਂ ਦੀ ਸੂਚੀ 'ਚ ਬਰਕਰਾਰ ਸਨ ਪਰ ਹੁਣ ਇਹ ਦੋਵੇਂ ਕੰਪਨੀਆਂ ਇਸ ਸੂਚੀ ਤੋਂ ਬਾਹਰ ਹੋ ਗਈਆਂ ਹਨ। ਮੰਗਲਵਾਰ ਨੂੰ ਰਿਲੀਜ਼ ਹੋਈ ਗਲਾਸਡੋਰ ਦੀ ਸਾਲਾਨਾ ਰੈਂਕਿੰਗ ਅਨੁਸਾਰ, ਇਹ ਸਿਲੀਕਾਨ ਵੈਲੀ ਦੀਆਂ ਕੰਪਨੀਆਂ ਟੌਪ 10 ਸਭ ਤੋਂ ਵਧੀਆ ਕੰਮ ਕਰਨ ਦੀਆਂ ਜਗ੍ਹਾ 'ਚੋਂ ਬਾਹਰ ਹੋ ਗਈਆਂ ਹਨ। ਕਲਾਊਡ ਕੰਪਿਊਟਿੰਗ ਸਾਫਟਵੇਅਰ ਕੰਪਨੀ HubSpot Inc. ਇਸ ਰੈਂਕਿੰਗ 'ਚ ਪਹਿਲੇ ਨੰਬਰ 'ਤੇ ਆਈ ਹੈ, ਜਦਕਿ ਟੈੱਕ ਫਰਮ DocuSign Inc. ਤੇ Ultimate Software ਲੜੀਵਾਰ ਤੀਸਰੇ ਤੇ ਅੱਠਵੇਂ ਸਥਾਨ 'ਤੇ ਆਈਆਂ ਹਨ।

ਇਸ ਰੈਂਕਿੰਗ 'ਚ ਫੇਸਬੁੱਕ (Facebook) ਇਸ ਵਾਰ 23ਵੇਂ ਨੰਬਰ 'ਤੇ ਆਈ ਹੈ। ਇਸ ਤੋਂ ਪਹਿਲਾਂ ਪਿਛਲੇ 10 ਸਾਲਾਂ 'ਚ ਫੇਸਬੁੱਕ ਤਿੰਨ ਵਾਰ ਕੰਮ ਕਰਨ ਲਈ ਸਭ ਤੋਂ ਬਿਹਤਰੀਨ ਜਗ੍ਹਾ ਬਣੀ ਸੀ। ਟੌਪ ਰੇਟਿਡ ਵਰਕਪਲੇਸ ਦੇ ਰੂਪ 'ਚ ਸਾਲ 2011 'ਚ ਸੂਚੀਬੱਧ ਹੋਣ ਤੋਂ ਬਾਅਦ ਫੇਸਬੁੱਕ ਦਾ ਇਹ ਸਭ ਤੋਂ ਹੇਠਲਾ ਸਥਾਨ ਹੈ। ਕੈਲੀਫੋਰਨੀਆ 'ਚ ਮੇਨੇਲੋ ਪਾਰਕ ਬੇਸਡ ਇਸ ਸੋਸ਼ਲ ਮੀਡੀਆ ਕੰਪਨੀ ਦਾ ਪਿਛਲੇ ਸਾਲ ਸੂਚੀ 'ਚ ਸੱਤਵਾਂ ਨੰਬਰ ਆਇਆ ਸੀ।

ਉੱਥੇ ਹੀ ਗੂਗਲ (Google) ਇਸ ਵਾਰ ਗਲਾਸਡੋਰ ਦੀ ਇਸ ਸੂਚੀ 'ਚ 11ਵੇਂ ਨੰਬਰ 'ਤੇ ਆਇਆ ਹੈ। ਗੂਗਲ ਇਸ ਤੋਂ ਪਹਿਲਾਂ 2015 'ਚ ਕੰਮ ਦੀ ਸਭ ਤੋਂ ਵਧੀਆ ਜਗ੍ਹਾ ਦੇ ਰੂਪ 'ਚ ਸਾਹਮਣੇ ਆਇਆ ਸੀ ਤੇ ਪਿਛਲੇ 8 ਸਾਲਾਂ ਤੋਂ ਇਹ ਟੌਪ-10 'ਚ ਹੀ ਆਇਆ ਹੈ।

ਮੋਬਾਈਲ ਨਿਰਮਾਤਾ ਕੰਪਨੀ ਐੱਪਲ ਇਸ ਸੂਚੀ 'ਚ 84ਵੇਂ ਸਥਾਨ 'ਤੇ ਆਇਆ ਹੈ। ਓਧਰ ਐਮਾਜ਼ੋਨ ਜੋ ਕਦੀ ਵੀ ਪੌਜ਼ਿਟਿਵ ਇੰਟਰਨਲ ਕਲਚਰ ਲਈ ਨਹੀਂ ਜਾਣੀ ਸੀ ਲਗਾਤਾਰ 12ਵੇਂ ਸਾਲ ਇਸ ਸੂਚੀ 'ਚ ਆਪਣੀ ਜਗ੍ਹਾ ਨਹੀਂ ਬਣਾ ਸਕੀ ਹੈ।

ਗਲਾਸਡੋਰ ਇਸ ਸਾਲਾਨਾ ਰੈਂਕਿੰਗ ਨੂੰ ਵਰਕ ਕਲਚਰ, ਸੀਨੀਅਰ ਮੈਨੇਜਮੈਂਟ, ਲਾਭਾਂ ਤੇ ਕੰਪਨਸੇਸ਼ਨ ਆਦੀ 'ਤੇ ਮੁਲਾਜ਼ਮਾਂ ਦੇ ਰਿਵਿਊ ਦੇ ਆਧਾਰ 'ਤੇ ਤਿਆਰ ਕਰਦਾ ਹੈ। ਫੇਸਬੁੱਕ ਤੇ ਗੂਗਲ ਵਰਗੀਆਂ ਕਈ ਵੱਡੀਆਂ ਟੈੱਕ ਕੰਪਨੀਆਂ ਦੀ ਇਸ ਸਾਲ ਕਈ ਮੁੱਦਿਆਂ ਕਾਰਨ ਅਲੋਚਨਾ ਕੀਤੀ ਗਈ ਹੈ। ਕਈ ਮਾਮਲਿਆਂ 'ਚ ਤਾਂ ਮੁਲਾਜ਼ਮਾਂ ਨੇ ਜਨਤਕ ਰੂਪ 'ਚ ਵੀ ਕੰਪਨੀ ਦੇ ਫ਼ੈਸਲਿਆਂ ਦਾ ਵਿਰੋਧ ਕੀਤਾ।

Posted By: Seema Anand