ਨਵੀਂ ਦਿੱਲੀ (ਪੀਟੀਆਈ) : ਦੇਸ਼ ਦੀ ਬਰਾਮਦ 'ਚ ਲਗਾਤਾਰ ਵਾਧਾ ਜਾਰੀ ਹੈ। ਵਣਜ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਮਈ ਦੇ ਸ਼ੁਰੂਆਤੀ ਹਫ਼ਤੇ 'ਚ ਬਰਾਮਦ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 'ਚ 80 ਫ਼ੀਸਦੀ ਵੱਧ ਕੇ 7.04 ਅਰਬ ਡਾਲਰ ਭਾਵ ਲਗਪਗ 51,000 ਕਰੋੜ ਰੁਪਏ 'ਤੇ ਪਹੁੰਚ ਗਈ। ਅੰਕੜਿਆਂ ਮੁਤਾਬਕ ਪਿਛਲੇ ਸਾਲ ਇਸੇ ਮਿਆਦ 'ਚ ਬਰਾਮਦ ਦਾ ਅੰਕੜਾ 3.91 ਅਰਬ ਡਾਲਰ ਅਤੇ 2019 ਦੀ ਇਸੇ ਮਿਆਦ 'ਚ 6.48 ਅਰਬ ਡਾਲਰ ਰਿਹਾ ਸੀ। ਹਾਲਾਂਕਿ ਮੰਤਰਾਲੇ ਮੁਤਾਬਕ ਸਮੀਖਿਆ ਅਧੀਨ ਮਿਆਦ 'ਚ ਦਰਾਮਦ ਵੀ 80.7 ਫ਼ੀਸਦੀ ਵੱਧ ਕੇ 8.86 ਅਰਬ ਡਾਲਰ 'ਤੇ ਪਹੁੰਚ ਗਈ ਹੈ। ਪਿਛਲੇ ਸਾਲ ਇਸੇ ਮਿਆਦ ਦੌਰਾਨ ਦੇਸ਼ 'ਚ 4.91 ਅਰਬ ਡਾਲਰ ਅਤੇ 2019 ਦੀ ਇਸੇ ਮਿਆਦ 'ਚ 10.9 ਅਰਬ ਡਾਲਰ ਦੀ ਦਰਾਮਦ ਹੋਈ ਸੀ।