ਮੁੰਬਈ (ਏਜੰਸੀ) : ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜਰਵ ਦੀ ਵਿਆਜ ਦਰ ਇਸ ਸਾਲ ਨਹੀਂ ਵਧਣ ਦੇ ਅਨੁਮਾਨ, ਅਮਰੀਕੀ ਤੇ ਚੀਨ ਦੇ ਬਿਹਤਰ ਵਪਾਰਕ ਸਬੰਧ ਦੀ ਉਮੀਦ ਤੇ ਵਿਦੇਸ਼ੀ ਬਾਜ਼ਾਰਾਂ ਦੇ ਮਜ਼ਬੂਤ ਰੁਝਾਨਾਂ ਵਿਚਾਲੇ ਘਰੇਲੂ ਸ਼ੇਅਰ ਬਾਜ਼ਾਰ 'ਚ ਸੋਮਵਾਰ ਨੂੰ ਉਛਾਲ ਦਰਜ ਕੀਤਾ ਗਿਆ। ਘਰੇਲੂ ਬਾਜ਼ਾਰ 'ਚ ਨਕਦੀ ਦੀ ਸਥਿਤੀ ਸੁਧਰਨ ਤੇ ਚਾਲੂ ਵਿੱਤੀ ਵਰ੍ਹੇ ਦੀ ਤੀਜੀ ਤਿਮਾਹੀ ਦੇ ਨਤੀਜੇ ਬਿਹਤਰ ਰਹਿਣ ਦੀ ਉਮੀਦ ਨਾਲ ਵੀ ਨਿਵੇਸ਼ਕਾਂ ਦਾ ਹੌਸਲਾ ਵਧਿਆ। ਬੀਐੱਸਈ ਦਾ ਸੈਂਸੈਕਸ 155.06 ਅੰਕਾਂ ਦੀ ਤੇਜ਼ੀ ਨਾਲ 35,850.16 'ਤੇ ਬੰਦ ਹੋਇਆ। ਇਸ ਨਾਲ ਪਿਛਲੇ ਕਾਰੋਬਾਰੀ ਸੈਸ਼ਨ ਸ਼ੁੱਕਰਵਾਰ ਨੂੰ ਵੀ ਸੈਂਸੈਕਸ 'ਚ 181 ਅੰਕਾਂ ਤੋਂ ਵੱਧ ਦਾ ਉਛਾਲ ਦਰਜ ਕੀਤਾ ਗਿਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 44.45 ਅੰਕਾਂ ਦੀ ਤੇਜ਼ੀ ਨਾਲ 10,771.80 'ਤੇ ਬੰਦ ਹੋਇਆ।

ਅਮਰੀਕਾ ਤੇ ਚੀਨ ਦੋਵਾਂ ਨੇ ਫੀਸ ਵਿਵਾਦ ਨੂੰ ਖ਼ਤਮ ਕਰਨ 'ਚ ਰੁਚੀ ਵਿਖਾਈ ਹੈ। ਦੋਵੇਂ ਦੇਸ਼ਾਂ ਦੇ ਪ੍ਰਤੀਨਿਧੀ ਸੋਮਵਾਰ ਤੇ ਮੰਗਲਵਾਰ ਦੀਆਂ ਬੈਠਕਾਂ 'ਚ ਇਸ 'ਤੇ ਚਰਚਾ ਕਰ ਰਹੇ ਹਨ। ਜਿਓਜਿਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਰਿਸਰਚ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਵਿਆਜ ਦਰ ਨੂੰ ਲੈ ਕੇ ਫੈਡਰਲ ਰਿਜ਼ਰਵ ਦੇ ਸੁਸਤ ਸੰਕੇਤ ਤੇ ਅਮਰੀਕੀ ਰਾਜੇਗਾਰ ਦੇ ਮਜ਼ਬੂਤ ਅੰਕੜੇ ਜਿਵੇਂ ਸਕਾਰਾਤਮਕ ਵਿਦੇਸ਼ੀ ਰੁਝਾਨਾਂ ਨਾਲ ਘਰੇਲੂ ਬਾਜ਼ਾਰ 'ਚ ਤੇਜ਼ੀ ਰਹੀ।

ਇਸ ਹਫ਼ਤੇ ਦੇ ਆਖ਼ਰ ਤੋਂ ਤੀਜੀ ਤਿਮਾਹੀ ਲਈ ਕਾਰੋਬਾਰੀ ਨਤੀਜੇ ਆਉਣੇ ਸ਼ੁਰੂ ਹੋਣਗੇ। ਪ੍ਰਮੁੱਖ ਸਾਫਟਵੇਅਰ ਸੇਵਾ ਬਰਾਮਦਕਾਰ ਕੰਪਨੀ ਟੀਸੀਐੱਸ ਦਾ ਨਤੀਜਾ 10 ਜਨਵਰੀ ਨੂੰ ਅਤੇ ਇਨਫੋਸਿਸ ਦਾ ਨਤੀਜਾ 11 ਜਨਵਰੀ ਨੂੰ ਆਵੇਗਾ। ਵਿਸ਼ਲੇਸ਼ਕਾਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਚੀਨ ਦੇ ਕੇਂਦਰੀ ਬੈਂਕ ਵੱਲੋਂ ਬੈਂਕ ਰਿਜ਼ਰਵ ਰਿਕਵਾਇਰਮੈਂਟ 'ਚ 100 ਆਧਾਰ ਅੰਕਾਂ ਦੀ ਕਟੌਤੀ ਕਰਨ ਦੇ ਐਲਾਨ ਨਾਲ ਵੀ ਨਿਵੇਸ਼ ਦਾ ਮਾਹੌਲ ਮਜ਼ਬੂਤ ਹੋਇਆ। ਇਸ ਕਟੌਤੀ ਨਾਲ ਚੀਨ ਦੇ ਕਮਰਸ਼ੀਅਲ ਬੈਂਕਾਂ ਨੂੰ ਲਗਪਗ 116 ਅਰਬ ਡਾਲਰ ਦੀ ਵਾਧੂ ਰਕਮ ਕਰਜ਼ ਦੇਣ ਲਈ ਉਪਲਬਧ ਹੋ ਗਈ। ਬਾਜ਼ਾਰ ਦੇ ਅਸਥਾਈ ਅੰਕੜਿਆਂ ਮੁਤਾਬਕ ਸ਼ੁੱਕਰਵਾਰ ਨੂੰ ਘਰੇਲੂ ਸੰਸਥਾਗਤ ਨਿਵੇਸ਼ਕਾਂ (ਡੀਆਈਆਈ) ਨੇ 240.60 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਖ਼ਰੀਦ ਕੀਤੀ, ਜਦਕਿ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫਪੀਆਈ) ਨੇ 157.72 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਵਿਕਰੀ ਕੀਤੀ।

ਸੈਂਸੈਕਸ 'ਚ ਐਕਸਿਸ ਬੈਂਕ 'ਚ ਸਭ ਤੋਂ ਵੱਧ 2.84 ਫ਼ੀਸਦੀ ਤੇਜ਼ੀ ਰਹੀ ਤੇ ਬਜਾਜ ਆਟੋ 'ਚ ਸਭ ਤੋਂ ਵੱਧ 2.82 ਫ਼ੀਸਦੀ ਗਿਰਾਵਟ ਰਹੀ। ਬੀਐੱਸਈ ਦੇ ਵੱਖ-ਵੱਖ ਸੈਕਟਰਾਂ 'ਚ ਰਿਐਲਿਟੀ ਸੈਕਟਰ 'ਚ ਸਭ ਤੋਂ ਵੱਧ 1.55 ਫ਼ੀਸਦੀ ਉਛਾਲ ਦਰਜ ਕੀਤਾ ਗਿਆ। ਹੈਲਥਕੇਅਰ, ਮੈਟਲ ਤੇ ਆਟੋ ਸੈਕਟਰਾਂ 'ਚ ਗਿਰਾਵਟ ਦਰਜ ਕੀਤੀ ਗਈ।

ਏਸ਼ੀਆ ਦੇ ਹੋਰ ਪ੍ਰਮੁੱਖ ਬਾਜ਼ਾਰਾਂ 'ਚ ਵੀ ਤੇਜ਼ੀ ਦਰਜ ਕੀਤੀ ਗਈ। ਜਾਪਾਨ ਦਾ ਨਿੱਕੇਈ 2.44 ਫ਼ੀਸਦੀ, ਹਾਂਗਕਾਂਗ ਦਾ ਹੈਂਗਸਂਗ 0.82 ਫ਼ੀਸਦੀ, ਸ਼ੰਘਾਈ ਕੰਪੋਜਿਟ ਇੰਡੈਕਸ 0.72 ਫ਼ੀਸਦੀ ਤੇ ਕੋਰੀਆ ਦਾ ਕੋਸਪੀ 1.34 ਫ਼ੀਸਦੀ ਚੜ੍ਹ ਕੇ ਬੰਦ ਹੋਇਆ।