ਨਵੀਂ ਦਿੱਲੀ (ਪੀਟੀਆਈ) : ਅਰਥਚਾਰੇ ਨੂੰ ਲੈ ਕੇ ਸਾਰੇ ਖ਼ਦਸ਼ਿਆਂ ਵਿਚਾਲੇ ਇਕ ਚੰਗੀ ਰਿਪੋਰਟ ਆਈ ਹੈ। ਫਰਵਰੀ 'ਚ ਸਰਵਿਸ ਸੈਕਟਰ ਦੀ ਵਾਧਾ ਦਰ ਸੱਤ ਸਾਲਾਂ 'ਚ ਸਭ ਤੋਂ ਜ਼ਿਆਦਾ ਰਹੀ ਹੈ। ਫਰਵਰੀ ਨੂੰ ਮਿਲਾ ਕੇ ਲਗਾਤਾਰ ਪੰਜਵੇਂ ਮਹੀਨੇ 'ਚ ਸਰਵਿਸ ਸੈਕਟਰ ਦੀ ਵਿਕਾਸ ਦਰ ਹਾਂ-ਪੱਖੀ ਦਰਜ ਕੀਤੀ ਗਈ।

ਬੁੱਧਵਾਰ ਨੂੰ ਜਾਰੀ ਇਕ ਮਹੀਨਾਵਰ ਸਰਵੇ ਰਿਪੋਰਟ ਅਨੁਸਾਰ ਨਵੇਂ ਆਰਡਰ 'ਚ ਤੇਜ਼ੀ, ਬਰਾਮਦ ਮੰਗ ਵਧਣ ਤੇ ਕਾਰੋਬਾਰ ਨੂੰ ਲੈ ਕੇ ਭਰੋਸਾ ਮਜ਼ਬੂਤ ਹੋਣ ਦੀ ਵਜ੍ਹਾ ਨਾਲ ਪਿਛਲੇ ਮਹੀਨੇ ਸਰਵਿਸ ਸੈਕਟਰ ਨੇ ਰਫ਼ਤਾਰ ਫੜੀ। ਆਈਐੱਚਐੱਸ ਮਾਰਕੀਟ ਇੰਡੀਆ ਦਾ ਸੇਵਾ ਕਾਰੋਬਾਰ ਸਰਗਰਮੀ ਸੂਚਕਅੰਕ ਇਸ ਵਰ੍ਹੇ ਜਨਵਰੀ ਦੇ 55.5 ਤੋਂ ਵਧ ਕੇ ਫਰਵਰੀ 57.5 ਦੇ ਪੱਧਰ 'ਤੇ ਪੁੱਜ ਗਿਆ। ਇਹ ਜਨਵਰੀ 2013 ਤੋਂ ਹੁਣ ਤਕ ਸੇਵਾ ਖੇਤਰ 'ਚ ਸਭ ਤੋਂ ਤੇਜ਼ ਵਾਧਾ ਹੈ।

ਰਿਪੋਰਟ ਮੁਤਾਬਕ ਫਰਵਰੀ ਦੌਰਾਨ ਨਵੇਂ ਕਾਰੋਬਾਰ 'ਚ ਸੱਤ ਸਾਲਾਂ ਦਾ ਦੂਜਾ ਸਭ ਤੋਂ ਤੇਜ਼ ਵਾਧਾ ਦੇਖਿਆ ਗਿਆ। ਸਮੀਖਿਆ ਅਧੀਨ ਮਿਆਦ 'ਚ ਵਿਦੇਸ਼ੀ ਬਾਜ਼ਾਰਾਂ ਤੋਂ ਨਵੇਂ ਆਰਡਰ ਮਿਲਣ ਨਾਲ ਕੁਲ ਵਿਕਰੀ 'ਚ ਵਾਧਾ ਦਰਜ ਕੀਤਾ ਗਿਆ। ਇਸ ਦੌਰਾਨ ਭਾਰਤੀ ਸੇਵਾਵਾਂ ਲਈ ਕੌਮਾਂਤਰੀ ਮੰਗ ਵਧਣ ਦੀ ਰਫ਼ਤਾਰ ਮੱਧਮ ਸੀ ਪਰ ਇਹ ਲੰਬੇ ਸਮੇਂ ਦੇ ਔਸਤ ਤੋਂ ਜ਼ਿਆਦਾ ਰਹੀ।