ਨਵੀਂ ਦਿੱਲੀ (ਏਜੰਸੀ) : ਖਾੜੀ ਖੇਤਰ ਦੀ ਜਹਾਜ਼ ਕੰਪਨੀ ਇਤਿਹਾਦ ਏਅਰਵੇਜ਼ ਨੇ ਕਿਹਾ ਕਿ ਕਰਜ਼ੇ ਦੇ ਬੋਝ ਥੱਲੇ ਡੁੱਬੀ ਜੈੱਟ ਏਅਰਵੇਜ਼ ਵਿਚ ਹੋਰ ਨਿਵੇਸ਼ ਕਰਨ ਦਾ ਉਸ ਦਾ ਕੋਈ ਇਰਾਦਾ ਨਹੀਂ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਜੈੱਟ ਏਅਰਵੇਜ਼ ਵਿਚ ਦੇਣਦਾਰੀਆਂ ਨਾਲ ਸਬੰਧਤ ਅਣਸੁਲਝੇ ਮੁੱਦਿਆਂ ਦੇ ਕਾਰਨ ਹੀ ਉਸ ਵਿਚ ਹੋਰ ਨਿਵੇਸ਼ ਨਹੀਂ ਕਰਨ ਦਾ ਫੈਸਲਾ ਕੀਤਾ ਹੈ। ਪਿਛਲੀ 18 ਅਪ੍ਰੈਲ ਨੂੰ ਸੇਵਾ ਤੋਂ ਬਾਹਰ ਹੋਈ ਜੈੱਟ ਏਅਰਵੇਜ਼ ਵਿਚ ਇਤਿਹਾਦ ਦੀ 24 ਫ਼ੀਸਦੀ ਹਿੱਸੇਦਾਰੀ ਹੈ।

ਜੈੱਟ ਏਅਰਵੇਜ਼ ਇਸ ਸਮੇਂ ਦੀਵਾਲੀਆ ਪ੍ਰਕਿਰਿਆ ਵਿਚੋਂ ਲੰਘ ਰਹੀ ਹੈ। ਕੰਪਨੀ ਲਈ ਬੋਲੀ ਲਗਾਉਣ ਦੀ ਦੂਜੀ ਆਖਰੀ ਤਾਰੀਕ 10 ਅਗਸਤ ਨੂੰ ਖ਼ਤਮ ਹੋ ਗਈ। ਆਖਰੀ ਤਾਰੀਕ ਤਕ ਤਿੰਨ ਨਿਵੇਸ਼ਕਾਂ ਨੇ ਜੈੱਟ ਏਅਰਵੇਜ਼ ਲਈ ਸ਼ੁਰੂਆਤੀ ਬੋਲੀ ਦਾਖ਼ਲ ਕੀਤੀ ਹੈ। ਮੰਨਿਆ ਜਾ ਰਿਹਾ ਸੀ ਕਿ ਕੰਪਨੀ ਵਿਚ ਕਰੀਬ-ਚੌਥਾਈ ਹਿੱਸੇਦਾਰੀ ਇਤਿਹਾਦ ਏਅਰਵੇਜ਼ ਉਸ ਲਈ ਬੋਲੀ ਲਗਾਏਗੀ ਪਰ ਇਕ ਬਿਆਨ ਵਿਚ ਇਤਿਹਾਦ ਨੇ ਕਿਹਾ ਕਿ ਉਸ ਨੇ ਭਾਰਤੀ ਜਹਾਜ਼ ਕੰਪਨੀ ਵਿਚ ਹੋਰ ਨਿਵੇਸ਼ ਲਈ ਰੁਚੀ ਤੋਂ ਇਨਕਾਰ ਕਰ ਦਿੱਤਾ। ਇਸ ਦਾ ਕਾਰਨ ਇਹ ਸੀ ਕਿ ਜੈੱਟ ਏਅਰਵੇਜ਼ ਦੀ ਮੌਜੂਦਾ ਹਾਲਤ ਵਿਚ ਉਸ ਵਿਚ ਨਿਵੇਸ਼ ਕਰਨਾ ਕੰਪਨੀ ਲਈ ਨਾ ਤਾਂ ਠੀਕ ਹੈ ਅਤੇ ਨਾ ਹੀ ਸਮਝਦਾਰੀ ਵਾਲਾ ਕਦਮ ਹੁੰਦਾ ਹੈ। ਇਤਿਹਾਦ ਦਾ ਇਹ ਵੀ ਕਹਿਣਾ ਸੀ ਕਿ ਉਸ ਨੇ ਜੈੱਟ ਏਅਰਵੇਜ਼ ਦੇ ਮੁੱਦੇ ਸੁਲਝਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਪਰ ਖ਼ਦਸ਼ਾ ਸ਼ੇਅਰਧਾਰਕ ਹੋਣ ਕਾਰਨ ਉਸ ਦੇ ਹੱਥ ਬੰਨ੍ਹੇ ਹੋਏ ਸਨ। ਹਾਲਾਂਕਿ ਇਤਿਹਾਦ ਨੇ ਇਹ ਵੀ ਸਪੱਸ਼ਟ ਕੀਤਾ ਜੈੱਟ ਏਅਰਵੇਜ਼ ਵਿਚ ਨਿਵੇਸ਼ ਨਹੀਂ ਕਰਨ ਦੇ ਉਸ ਦੇ ਫ਼ੈਸਲੇ ਨਾਲ ਭਾਰਤੀ ਬਾਜ਼ਾਰ ਲਈ ਕੰਪਨੀ ਦੀ ਵਚਨਬੱਧਤਾ ਵਿਚ ਕੋਈ ਕਮੀ ਨਹੀਂ ਆਵੇਗੀ। ਉਸ ਨੇ ਕਿਹਾ ਕਿ ਵਰਤਮਾਨ ਵਿਚ ਉਹ ਆਬੂਧਾਬੀ ਤੋਂ 10 ਭਾਰਤੀ ਸ਼ਹਿਰਾਂ ਲਈ ਜਹਾਜ਼ਾਂ ਦੀ ਆਵਾਜਾਈ ਕਰ ਰਹੀ ਹੈ ਅਤੇ ਆਪਣੇ ਜਹਾਜ਼ਾਂ ਦੇ ਆਕਾਰ ਵਿਚ ਲਗਾਤਾਰ ਵਾਧਾ ਕਰ ਰਹੀ ਹੈ।

ਅਨਿਲ ਅਗਰਵਾਲ ਨੇ ਵੀ ਕੀਤਾ ਮਨ੍ਹਾ

ਐਤਵਲਾਰ ਨੂੰ ਜੈੱਟ ਏਅਰਵੇਜ਼ ਲਈ ਬੋਲੀ ਲਗਾਉਣ ਦਾ ਐਲਾਨ ਕਰਨ ਵਾਲੀ ਅਨਿਲ ਅਗਰਵਾਲ ਦੀ ਕੰਪਨੀ ਵੀ ਸੋਮਵਾਰ ਨੂੰ ਇਸ ਤੋਂ ਪਲਟ ਗਈ। ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਦੇ ਪਰਿਵਾਰ ਵੱਲੋਂ ਟਰੱਸਟ ਦੇ ਅਧੀਨ ਚਲਾਈ ਜਾਣ ਵਾਲੀ ਕੰਪਨੀ ਬੋਲਕਨ ਇਨਵੈਸਟਮੈਂਟ ਨੇ ਜੈੱਟ ਏਅਰਵੇਜ਼ ਲਈ ਈਓਆਈ ਦਾਖ਼ਲ ਕਰਨ ਦੀ ਗੱਲ ਕਹੀ ਸੀ ਪਰ ਸੋਮਵਾਰ ਨੂੰ ਅਗਰਵਾਲ ਨੇ ਇਕ ਬਿਆਨ ਰਾਹੀਂ ਕਿਹਾ ਕਿ ਜੈੱਟ ਏਅਰਵੇਜ਼ ਲਈ ਬੋਲਕਨ ਦੀ ਈਓਆਈ ਦਾ ਮਕਸਦ ਸੰਭਾਵਨਾਵਾਂ ਦੀ ਪੜਤਾਲ ਕਰਨਾ ਸੀ।