ਜਾਗਰਣ ਬਿਊਰੋ, ਨਵੀਂ ਦਿੱਲੀ : ਖੇਤੀਬਾੜੀ ਤੇ ਮੈਨੂਫੈਕਚਰਿੰਗ ਖੇਤਰ ਦੇ ਬਿਹਤਰ ਪ੍ਰਦਰਸ਼ਨ ਤੇ ਨਿਵੇਸ਼ ਦੀ ਸਥਿਤੀ ਸੁਧਰਨ ਨਾਲ ਚਾਲੂ ਵਿੱਤੀ ਵਰ੍ਹੇ 'ਚ ਦੇਸ਼ ਦੀ ਜੀਡੀਪੀ ਵਿਕਾਸ ਦਰ 7.2 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਵਿਕਾਸ ਦਰ ਦਾ ਇਹ ਅੰਕੜਾ ਬੀਤੇ ਤਿੰਨ ਸਾਲ 'ਚ ਸਭ ਤੋਂ ਵੱਧ ਹੈ। ਖਾਸ ਗੱਲ ਇਹ ਹੈ ਕਿ ਚਾਲੂ ਵਿੱਤੀ ਵਰ੍ਹੇ 'ਚ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਸਵਾ ਲੱਖ ਰੁਪਏ ਤੋਂ ਵੱਧ ਰਹਿਣ ਦਾ ਅਨੁਮਾਨ ਹੈ।

ਕੇਂਦਰੀ ਅੰਕੜਾ ਦਫ਼ਤਰ (ਸੀਐੱਸਓ) ਨੇ ਚਾਲੂ ਵਿੱਤੀ ਵਰ੍ਹੇ ਲਈ ਜੀਡੀਪੀ ਦਾ ਪਹਿਲਾ ਅਗਾਊ ਅਨੁਮਾਨ ਸੋਮਵਾਰ ਨੂੰ ਜਾਰੀ ਕੀਤਾ। ਸੀਐੱਸਓ ਅਨੁਸਾਰ ਚਾਲੂ ਵਿੱਤੀ ਵਰ੍ਹੇ 'ਚ ਦੇਸ਼ ਦਾ ਜੀਡੀਪੀ (ਸਥਿਰ ਕੀਮਤਾਂ 'ਤੇ) 139.52 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ, ਜਦਕਿ ਵਿੱਤੀ ਵਰ੍ਹਾ 2017-18 'ਚ ਇਹ 139.11 ਲੱਖ ਕਰੋੜ ਰੁਪਏ ਸੀ। ਇਸ ਤਰ੍ਹਾਂ ਚਾਲੂ ਵਿੱਤੀ ਵਰ੍ਹੇ 'ਚ ਜੀਡੀਪੀ ਵਾਧਾ ਦਰ 7.2 ਫ਼ੀਸਦੀ ਰਹੇਗੀ। ਜੋ ਪਿਛਲੇ ਵਿੱਤੀ ਵਰ੍ਹੇ 'ਚ 6.7 ਫ਼ੀਸਦੀ ਸੀ।

ਜ਼ਿਕਰਯੋਗ ਹੈ ਕਿ ਵਿੱਤੀ ਵਰ੍ਹੇ 2015-16 'ਚ ਵਿਕਾਸ ਦਰ 8.1 ਫ਼ੀਸਦੀ ਸੀ, ਪਰ ਨਵੰਬਰ, 2016 'ਚ ਮੋਦੀ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ ਤੇ ਉਸ ਮਗਰੋਂ ਪਹਿਲੀ ਜੁਲਾਈ, 2017 ਤੋਂ ਜੀਐੱਸਟੀ ਦੇ ਸੰਚਾਲਨ ਕਾਰਨ ਜੀਡੀਪੀ ਵਾਧਾ ਦਰ ਥੋੜ੍ਹੀ ਹੋਲੀ ਪੈ ਗਈ। ਇਸ ਕਾਰਨ ਵਿੱਤੀ ਵਰ੍ਹਾ 2016-17 'ਚ ਜੀਡੀਪੀ ਵਿਕਾਸ ਦਰ ਘੱਟ ਕੇ 7.1 ਫ਼ੀਸਦੀ ਤੇ ਵਿੱਤੀ ਵਰ੍ਹਾ 2017-18 'ਚ ਫਿਸਲ ਕੇ 6.7 ਫ਼ੀਸਦੀ ਦੇ ਪੱਧਰ 'ਤੇ ਆ ਗਈ।

ਸੀਐੱਸਓ ਦੇ ਤਾਜ਼ਾ ਅਨੁਮਾਨਾਂ ਤੋਂ ਪਤਾ ਚੱਲਦਾ ਹੈ ਕਿ ਅਰਥਵਿਵਸਥਾ 'ਚ ਨਿਵੇਸ਼ ਦੀ ਸਥਿਤੀ ਵੀ ਸੁਧਰ ਰਹੀ ਹੈ। ਚਾਲੂ ਵਿੱਤੀ ਵਰ੍ਹੇ 'ਚ ਗ੍ਰਾਸ ਫਿਕਸਡ ਕੈਪੀਟਲ ਫਾਰਮੇਸ਼ਨ 32.9 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਪਿਛਲੇ ਸਾਲ ਇਹ 31.4 ਫ਼ੀਸਦੀ ਸੀ। ਜੀਐੱਫਸੀਐੱਫ ਦੀ ਮੌਜੂਦ ਦਰ ਬੀਤੇ ਛੇ ਵਰ੍ਹੇ 'ਚ ਸਭ ਤੋਂ ਵੱਧ ਹੈ। ਸੀਐੱਸਓ ਅਨੁਸਾਰ ਅਰਥਵਿਵਸਥਾ ਦੇ ਅੱਠ ਖੇਤਰਾਂ 'ਚੋਂ ਬਿਜਲੀ, ਗੈਸ, ਜਲ ਸਪਲਾਈ ਤੇ ਹੋਰ ਯੂਟੀਲਿਟੀ ਸੇਵਾਵਾਂ, ਕੰਸਟਰੱਕਸ਼ਨ, ਮੈਨੂਫੈਕਚਰਿੰਗ, ਲੋਕ ਪ੍ਰਸ਼ਾਸਨ ਤੇ ਰੱਖਿਆ ਤੇ ਹੋਰ ਸੇਵਾਵਾਂ ਦੀ ਵਾਧਾ ਦਰ ਸੱਤ ਫ਼ੀਸਦੀ ਤੋਂ ਵੱਧ ਰਹੀ ਹੈ। ਜਿੱਥੋਂ ਤਕ ਅਰਥਵਿਵਸਥਾ ਦੇ ਮੁੱਢਲੇ ਖੇਤਰ ਦਾ ਸਵਾਲ ਹੈ ਤਾਂ ਚਾਲੂ ਵਿੱਤੀ ਵਰ੍ਹੇ 'ਚ 'ਖੇਤੀਬਾੜੀ, ਨਰਸਰੀ ਤੇ ਮੱਛੀ ਪਾਲਣ' ਖੇਤਰ ਦੀ ਵਾਧਾ ਦਰ 3.8 ਫ਼ੀਸਦੀ ਰਹਿਣ ਦਾ ਅਨੁਮਾਨ ਹੈ, ਜਦਕਿ ਪਿਛਲੇ ਵਿੱਤੀ ਵਰ੍ਹੇ 'ਚ ਇਹ 2.9 ਫ਼ੀਸਦੀ ਸੀ।

ਚਾਲੂ ਵਿੱਤੀ ਵਰ੍ਹੇ 'ਚ ਮੈਨੂਫੈਕਚਰਿੰਗ ਖੇਤਰ ਦੀ ਵਾਧਾ ਦਰ ਚਾਲੂ ਵਿੱਤੀ ਵਰ੍ਹੇ 'ਚ 8.3 ਫ਼ੀਸਦੀ ਰਹਿਣ ਦਾ ਅਨੁਮਾਨ ਹੈ, ਜਦਕਿ 2017-18 'ਚ ਇਸ 'ਚ 5.7 ਫ਼ੀਸਦੀ ਹੀ ਵਾਧਾ ਹੋਇਆ ਸੀ। ਬਿਜਲੀ, ਗੈਸ, ਜਲ ਸਪਲਾਈ ਤੇ ਹੋਰ ਯੂਟੀਲਿਟੀ ਸੇਵਾਵਾਂ ਦੀ ਵਾਧਾ ਦਰ ਵੀ ਸ਼ਾਨਦਾਰ ਰਹਿਣ ਦਾ ਅਨੁਮਾਨ ਹੈ। ਚਾਲੂ ਵਿੱਤੀ ਵਰ੍ਹੇ 'ਚ ਇਸ ਖੇਤਰ ਦੀ ਵਾਧਾ ਦਰ 9.4 ਫ਼ੀਸਦੀ ਰਹਿਣ ਦਾ ਅਨੁਮਾਨ ਹੈ, ਜਦਕਿ ਪਿਛਲੇ ਵਰ੍ਹੇ ਇਹ 7.2 ਫ਼ੀਸਦੀ ਸੀ। ਇਸੇ ਤਰ੍ਹਾਂ ਕੰਸਟਰੱਕਸ਼ਨ ਖੇਤਰ ਦੀ ਵਾਧਾ ਦਰ ਵੀ ਪਿਛਲੇ ਵਰ੍ਹੇ ਦੀ 5.7 ਫ਼ੀਸਦੀ ਤੋਂ ਵੱਧ ਕੇ ਇਸ ਸਾਲ 8.9 ਫ਼ੀਸਦੀ ਰਹਿਣ ਦਾ ਅਨੁਮਾਨ ਹੈ।

ਪ੍ਰਤੀ ਵਿਅਕਤੀ ਆਮਦਨ ਸਵਾ ਲੱਖ ਰੁਪਏ ਰਹਿਣ ਦਾ ਅਨੁਮਾਨ

ਸੀਐੱਸਓ ਅਨੁਸਾਰ ਪ੍ਰਚਲਿਤ ਕੀਮਤਾਂ 'ਤੇ ਚਾਲੂ ਵਿੱਤੀ ਵਰ੍ਹੇ 'ਚ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ 1,25,397 ਰੁਪਏ ਰਹਿਣ ਦਾ ਅਨੁਮਾਨ ਹੈ। ਪਿਛਲੇ ਵਿੱਤੀ ਵਰ੍ਹੇ 'ਚ ਪ੍ਰਚਲਿਤ ਕੀਮਤਾਂ 'ਤੇ ਪ੍ਰਤੀ ਵਿਅਕਤੀ ਆਮਦਨ 1,12,835 ਰੁਪਏ ਸੀ। ਇਸ ਤਰ੍ਹਾਂ ਇਕ ਸਾਲ 'ਚ ਇਸ 'ਚ 11.1 ਫ਼ੀਸਦੀ ਦੇ ਵਾਧੇ ਦੇ ਆਸਾਰ ਹਨ।

ਹਾਲ ਦੇ ਵਰਿ੍ਹਆਂ 'ਚ ਜੀਡੀਪੀ ਵਾਧਾ ਦਰ

ਸਾਲ ਜੀਡੀਪੀ ਵਾਧਾ ਦਰ (ਫ਼ੀਸਦੀ)

2012-13 5.5

2013-14 6.4

2014-15 7.4

2015-16 8.2

2016-17 7.1

2017-18 6.7

ਖੇਤਰਵਾਰ ਵਾਧਾ ਦਰ (ਫ਼ੀਸਦੀ)

ਖੇਤਰ 2017-18 2018-19

1. ਖੇਤੀਬਾੜੀ, ਨਰਸਰੀ ਤੇ ਮੱਛੀ ਪਾਲਣ 3.4 3.8

2. ਮਾਈਨਿੰਗ 2.9 0.8

3. ਮੈਨੂਫੈਕਚਰਿੰਗ 5.7 8.3

4. ਬਿਜਲੀ, ਗੈਸ, ਜਲ ਸਪਲਾਈ ਤੇ ਹੋਰ ਸੇਵਾਵਾਂ 7.2 9.4

5. ਕੰਸਟਰੱਕਸ਼ਨ 5.7 8.9

6. ਵਪਾਰ, ਹੋਟਲ, ਟਰਾਂਸਪੋਰਟ, ਸੰਚਾਰ ਤੇ ਪ੍ਰਸਾਰਨ ਸੇਵਾਵਾਂ 8.0 6.9

7. ਵਿੱਤੀ, ਰੀਅਲ ਅਸਟੇਟ, ਪੇਸ਼ੇਵਰ ਸੇਵਾਵਾਂ 6.7 6.8

8. ਲੋਕ ਪ੍ਰਸ਼ਾਸਨ, ਰੱਖਿਆ ਤੇ ਹੋਰ ਸੇਵਾਵਾਂ 10.0 8.9

---------------------

ਜੀਵੀਏ ਵਾਧਾ ਦਰ 6.5 7.0

--------------------------