Atal Beemit Vyakti Kalyan Yojana : ਨਈ ਦੁਨੀਆ, ਨਵੀਂ ਦਿੱਲੀ : ਮੁਲਾਜ਼ਮ ਰਾਜ ਬੀਮਾ ਨਿਗਮ (ESIC) ਨੇ ਕੋਰੋਨਾ ਕਾਲ 'ਚ ਨੌਕਰੀ ਗੁਆਉਣ ਵਾਲੇ ਮੁਲਾਜ਼ਮਾਂ ਲਈ ਬੇਰੁਜ਼ਗਾਰੀ ਭੱਤੇ ਦੇ ਕਲੇਮ ਲਈ ਅਪਲਾਈ ਕਰਨ ਦੀ ਆਖ਼ਿਰੀ ਤਾਰੀਕ (Deadline) ਵਧਾ ਦਿੱਤੀ ਹੈ। ESIC ਤਹਿਤ ਰਜਿਸਟਰਡ ਜਿਨ੍ਹਾਂ ਮੁਲਾਜ਼ਮਾਂ ਨੇ 24 ਮਾਰਚ 2020 ਤੋਂ ਬਾਅਦ ਨੌਕਰੀ ਗੁਆਈ ਹੈ, ਉਹ ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ (ABVKY) ਤਹਿਤ ਤਿੰਨ ਮਹੀਨੇ ਦੀ 50 ਫ਼ੀਸਦੀ ਤਨਖ਼ਾਹ ਦੇ ਹੱਕਦਾਰ ਹਨ। ਅਜਿਹੇ ਮੁਲਾਜ਼ਮ ਹੁਣ 30 ਜੂਨ 2021 ਤਕ ਬੇਰੁਜ਼ਗਾਰੀ ਭੱਤੇ ਲਈ ਅਪਲਾਈ ਕਰ ਸਕਣਗੇ।

ਕੇਂਦਰ ਸਰਕਾਰ ਨੇ ਕੋਰੋਨਾ ਲਾਕਡਾਊਨ ਦੌਰਾਨ ਨੌਕਰੀ ਗੁਆਉਣ ਵਾਲੇ ESIC ਤਹਿਤ ਰਜਿਸਟਰਡ ਮੁਲਾਜ਼ਮਾਂ ਨੂੰ ਰਾਹਤ ਦੇਣ ਲਈ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਸਕੀਮ ਦਾ ਲਾਭ ਉਹ ਮੁਲਾਜ਼ਮ ਵੀ ਉਠਾ ਸਕਦੇ ਹਨ ਜਿਨ੍ਹਾਂ ਨੂੰ ਨੌਕਰੀ ਤੋਂ ਹਟਾਉਣ ਤੋਂ ਬਾਅਦ ਦੂਸਰੀ ਜਗ੍ਹਾ ਨੌਕਰੀ ਮਿਲ ਚੁੱਕੀ ਹੈ। ਇਸ ਯੋਜਨਾ ਨੂੰ ਚੰਗਾ ਰਿਸਪਾਂਸ ਮਿਲਦਾ ਨਾ ਦੇਖ ESIC ਨੇ ਇਸ ਦੇ ਲਈ ਅਪਲਾਈ ਕਰਨ ਦੀ ਡੈੱਡਲਾਈਨ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ 24 ਮਾਰਚ ਤੋਂ 31 ਦਸੰਬਰ 2020 ਵਿਚਕਾਰ ਨੌਕਰੀ ਗੁਆਉਣ ਵਾਲੇ ਮੁਲਾਜ਼ਮ ਅਪਲਾਈ ਕਰ ਸਕਣਗੇ।

ESIC ਤਹਿਤ ਰਜਿਸਟਰਡ ਮੁਲਾਜ਼ਮ ਇਸ ਸਕੀਮ ਤਹਿਤ ਦਾਅਵਾ ਕਰ ਸਕੇਗਾ, ਉਸ ਨੂੰ ਤਿੰਨ ਮਹੀਨੇ ਦੀ 50 ਫ਼ੀਸਦੀ ਤਨਖ਼ਾਹ ਦਿੱਤੀ ਜਾਵੇਗੀ। ESIC ਨੇ ਇਸ ਦੇ ਲਈ 44 ਹਜ਼ਾਰ ਕਰੋਡ਼ ਰੁਪਏ ਦੀ ਵਿਵਸਥਾ ਕੀਤੀ ਹੈ। ਪਹਿਲਾਂ ਬੇਰੁਜ਼ਗਾਰੀ ਭੱਤੇ ਦੇ ਰੂਪ 'ਚ 25 ਫ਼ੀਸਦੀ ਤਨਖ਼ਾਹ ਦੀ ਵਿਵਸਥਾ ਸੀ ਜਿਸ ਨੂੰ 19 ਸਤੰਬਰ ਨੂੰ ਵਧਾ ਕੇ 50 ਫ਼ੀਸਦੀ ਕਰ ਦਿੱਤਾ ਗਿਆ ਸੀ। ਕੋਰੋਨਾ ਕਾਲ 'ਚ ਨੌਕਰੀ ਗੁਆਉਣ ਵਾਲੇ ਲੱਖਾਂ ਮੁਲਾਜ਼ਮਾਂ ਨੇ ਹੁਣ ਤਕ ਇਸ ਭੱਤੇ ਲਈ ਅਪਲਾਈ ਨਹੀਂ ਕੀਤਾ ਹੈ, ਇਸ ਲਈ ਇਸ ਦੀ ਡੈੱਡਲਾਈਨ ਨੂੰ ਵਧਾਇਆ ਗਿਆ ਹੈ।

Posted By: Seema Anand