ਨਵੀਂ ਦਿੱਲੀ, ਬਿਜ਼ਨਸ ਡੈਸਕ : ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਤਹਿਤ ਬੀਮਾ ਕਰਮਚਾਰੀ ਖ਼ੁਦ ਵੀ ਬੇਰੁਜ਼ਗਾਰ ਭੱਤੇ ਲਈ ਆਪਣਾ ਦਾਅਵਾ ਪੇਸ਼ ਕਰ ਸਕਦਾ ਹੈ। ਕੋਰੋਨਾ ਸੰਕ੍ਰਮਣ ਅਤੇ ਲਾਕਡਾਊਨ ਕਾਰਨ 24 ਮਾਰਚ, 2020 ਤੋਂ 31 ਦਸੰਬਰ, 2020 ਦੀ ਮਿਆਦ 'ਚ ਬੇਰੁਜ਼ਗਾਰ ਹੋਣ ਵਾਲੇ ਕਰਮਚਾਰੀਆਂ ਨੂੰ ਈਐੱਸਆਈਸੀ ਨੇ ਬੇਰੁਜ਼ਗਾਰ ਭੱਤਾ ਦੇਣ ਦਾ ਐਲਾਨ ਕੀਤਾ ਹੈ। ਇਹ ਭੱਤਾ ਤਿੰਨ ਮਹੀਨਿਆਂ ਦੀ ਅੱਧੀ ਸੈਲਰੀ ਦੇ ਰੂਪ 'ਚ ਦਿੱਤਾ ਜਾਵੇਗਾ।

ਈਐੱਸਆਈਸੀ ਵੱਲੋਂ ਇਸ ਬੇਰੁਜ਼ਗਾਰੀ ਭੱਤੇ ਲਈ 19 ਸਤੰਬਰ ਨੂੰ ਹੀ ਫ਼ੈਸਲਾ ਲਿਆ ਗਿਆ ਸੀ। ਪਰ ਬੇਰੁਜ਼ਗਾਰੀ ਭੱਤੇ ਲਈ ਅਪਲਾਈ ਕਰਨ ਵਾਲਿਆਂ ਦੀ ਸੰਖਿਆ ਉਮੀਦ ਤੋਂ ਕਾਫੀ ਘੱਟ ਦਿਖ ਰਹੀ ਹੈ। ਕਿਰਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਅਤੇ ਲਾਕਡਾਊਨ ਕਾਰਨ ਬੇਰੁਜ਼ਗਾਰ ਹੋਣ ਵਾਲੇ ਹੁਣ ਤਕ 5 ਲੱਖ ਕਰਮਚਾਰੀਆਂ ਨੇ ਵੀ ਇਸ ਭੱਤੇ ਲਈ ਅਪਲਾਈ ਨਹੀਂ ਕੀਤਾ।

ਉਨ੍ਹਾਂ ਨੇ ਦੱਸਿਆ ਕਿ ਲਾਕਡਾਊਨ ਕਾਰਨ ਬੇਰੁਜ਼ਗਾਰ ਹੋਣ ਵਾਲੇ ਕਰਮਚਾਰੀ ਖ਼ੁਦ ਵੀ ਇਸ ਈਐੱਸਆਈਸੀ ਦੀ ਸਾਈਟ 'ਤੇ ਜਾ ਕੇ ਜਾਂ ਉਨ੍ਹਾਂ ਦੇ ਦਫ਼ਤਰ 'ਚ ਜਾ ਕੇ ਬੇਰੁਜ਼ਗਾਰੀ ਭੱਤੇ ਲਈ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਵਾਲਿਆਂ ਨੂੰ ਬੇਰੁਜ਼ਗਾਰੀ ਦੇ 30 ਦਿਨਾਂ ਦੇ ਅੰਦਰ ਰਾਹਤ ਪ੍ਰਦਾਨ ਕਰਨ ਦਾ ਨਿਯਮ ਰੱਖਿਆ ਗਿਆ ਹੈ। ਭੱਤੇ ਦੀ ਰਾਸ਼ੀ ਸਿੱਧੀ ਕਰਮਚਾਰੀ ਦੇ ਬੈਂਕ ਖਾਤੇ 'ਚ ਦਿੱਤੀ ਜਾਵੇਗੀ।

ਐਪਲੀਕੇਸ਼ਨ ਦੌਰਾਨ ਬੇਰੁਜ਼ਗਾਰ ਕਰਮਚਾਰੀ ਨੂੰ ਆਪਣਾ ਆਧਾਰ ਕਾਰਡ ਅਤੇ ਬੈਂਕ ਪਾਸਬੁੱਕ ਦੀ ਕਾਪੀ ਅਟੈਚ ਕਰਨੀ ਹੋਵੇਗੀ। ਭੱਤੇ ਦੇ ਭੁਗਤਾਨ ਤੋਂ ਪਹਿਲਾਂ ਕਰਮਚਾਰੀ ਦੇ ਦਫ਼ਤਰ ਜਾ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਜਾਵੇਗੀ ਕਿ ਉਹ ਕਰਮਚਾਰੀ ਸਚਮੁੱਚ 'ਚ ਬੇਰੁਜ਼ਗਾਰ ਹੈ ਜਾਂ ਨਹੀਂ।

ਕਿਰਤ ਮੰਤਰਾਲੇ ਦੇ ਅਧਿਕਾਰੀ ਅਨੁਸਾਰ ਇਸ ਬੇਰੁਜ਼ਗਾਰ ਭੱਤੇ ਲਈ ਈਐੱਸਆਈਸੀ ਵੱਲੋਂ ਇਕ ਵਿਸ਼ੇਸ਼ ਫੰਡ ਦਾ ਨਿਰਮਾਣ ਕੀਤਾ ਗਿਆ ਹੈ। ਈਐੱਸਆਈਸੀ ਵੱਲੋਂ ਬੇਰੁਜ਼ਗਾਰੀ ਭੱਤੇ ਦਾ ਅਟਲ ਬੀਮਿਤ ਕਲਿਆਣ ਯੋਜਨਾ ਤਹਿਤ ਭੁਗਤਾਨ ਕੀਤਾ ਜਾਵੇਗਾ। ਪਿਛਲੇ ਮਹੀਨੇ ਕਿਰਤ ਮੰਤਰੀ ਸੰਤੋਸ਼ ਗੰਗਵਾਰ ਦੀ ਅਗਵਾਈ 'ਚ ਈਐੱਸਆਈਸੀ ਨੇ ਅਟਲ ਬੀਮਿਤ ਕਲਿਆਣ ਯੋਜਨਾ ਦੀ ਮਿਆਦ ਨੂੰ ਇਕ ਸਾਲ ਦਾ ਵਿਸਤਾਰ ਦੇਣ ਦਾ ਫ਼ੈਸਲਾ ਕੀਤਾ ਸੀ।

ਪਿਛਲੀ 30 ਜੂਨ ਨੂੰ ਅਟਲ ਬੀਮਿਤ ਕਲਿਆਣ ਯੋਜਨਾ ਦਾ ਸਮਾਂ ਸਮਾਪਤ ਹੋ ਰਿਹਾ ਸੀ। ਇਸ ਯੋਜਨਾ ਤਹਿਤ ਈਐੱਸਆਈਸੀ 'ਚ ਬੀਮਾ ਕਰਚਾਰੀਆਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਦਾ ਪ੍ਰਬੰਧ ਹੈ ਪਰ ਕੋਰੋਨਾ ਅਤੇ ਲਾਕਡਾਊਨ ਕਾਰਨ ਬੇਰੁਜ਼ਗਾਰ ਹੋਣ ਵਾਲੇ ਕਰਮਚਾਰੀਆਂ ਨੂੰ 3 ਮਹੀਨਿਆਂ ਦੀ ਅੱਧੀ ਸੈਲਰੀ ਬੇਰੁਜ਼ਗਾਰ ਭੱਤੇ ਦੇ ਰੂਪ 'ਚ ਦਿੱਤੀ ਜਾਵੇਗੀ। ਪਹਿਲਾਂ 25 ਫ਼ੀਸਦੀ ਸੈਲਰੀ ਹੀ ਬੇਰੁਜ਼ਗਾਰ ਭੱਤੇ ਦੇ ਰੂਪ 'ਚ ਦਿੱਤੀ ਜਾਂਦੀ ਸੀ।

Posted By: Ramanjit Kaur