ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਇਕਵਿਟਾਸ ਸਮਾਲ ਫਾਇਨਾਂਸ ਬੈਂਕ ਦਾ ਆਈਪੀਓ (Equitas Small Finance Bank IPO) 20 ਅਕਤੂਬਰ ਯਾਨੀ ਅੱਜ ਤੋਂ ਸਬਸਕ੍ਰਿਪਸ਼ਨ ਲਈ ਖੁੱਲ੍ਹਣ ਜਾ ਰਿਹਾ ਹੈ। ਆਈਪੀਓ ਲਈ 22 ਅਕਤੂਬਰ ਨੂੰ ਸਬਸਕ੍ਰਿਪਸ਼ਨ ਬੰਦ ਹੋਣਗੇ। 520 ਕਰੋਡ਼ ਦੇ ਇਸ ਆਈਪੀਓ ਲਈ ਪ੍ਰਾਈਸ ਬੈਂਡ 32 ਤੋਂ 33 ਰੁਪਏ ਪ੍ਰਤੀ ਇਕਵਿਟੀ ਸ਼ੇਅਰ ਤੈਅ ਹੈ। ਆਈਪੀਓ 'ਚ 85 ਮਿਲੀਅਨ ਤਾਜ਼ਾ ਸ਼ੇਅਰ ਜਾਰੀ ਹੋਣਗੇ ਤੇ 72 ਮਿਲੀਅਨ ਸ਼ੇਅਰ ਆਫਰ ਫਾਰ ਸੇਲ 'ਚ ਹੋਣਗੇ। ਆਈਪੀਓ ਤੋਂ ਬਾਅਦ ਇਕਵਿਟਾਸ ਸਮਾਲ ਫਾਇਨਾਂਸ ਬੈਂਕ ਦੀ ਹੋਲਡਿੰਗ ਕੰਪਨੀ ਇਕਵਿਟਾਸ ਹੋਲਡਿੰਗਜ਼ ਲਿਮਟਿਡ ਦੀ ਹਿੱਸੇਦਾਰੀ ਬੈਂਕ 'ਚ 82 ਫ਼ੀਸਦੀ ਰਹਿ ਜਾਵੇਗੀ।

ਆਈਪੀਓ 'ਚ ਲਾਟ ਸਾਈਜ਼ 450 ਇਕਵਿਟੀ ਸ਼ੇਅਰਾਂ ਦੀ ਹੈ। ਮਤਲਬ ਘੱਟੋ-ਘੱਟ 450 ਇਕਵਿਟੀ ਸ਼ੇਅਰਾਂ ਲਈ ਬੋਲੀ ਲਗਾਈ ਜਾ ਸਕੇਗੀ। ਇਸ ਤੋਂ ਬਾਅਦ 450 ਇਕਵਿਟੀ ਸ਼ੇਅਰਾਂ ਦੇ ਗੁਣਜ 'ਚ ਬੋਲੀ ਲਗਾਈ ਜਾ ਸਕਦੀ ਹੈ। ਇਕਵਿਟਾਸ ਸਮਾਲ ਫਾਇਨਾਂਸ ਬੈਂਕ ਦੇ ਸ਼ੇਅਰ ਦੋ ਨਵੰਬਰ ਨੂੰ ਸਟਾਕ ਐਕਸਚੇਂਜਾਂ 'ਤੇ ਲਿਸਟਿਡ ਹੋ ਸਕਦੇ ਹਨ। ਇਸ ਇਸ਼ੂ ਦੀ ਰਜਿਸਟਰਾਰ ਕੰਪਨੀ KFin Technologies Private Limited ਹੈ ਤੇ ਇਹ ਸ਼ੇਅਰਾਂ ਦੀ ਅਲਾਟਮੈਂਟ ਤੇ ਰਿਫੰਡ ਦਾ ਪ੍ਰਬੰਧਨ ਕਰੇਗੀ।

ਜ਼ਿਕਰਯੋਗ ਹੈ ਕਿ ਇਕਵਿਟਾਸ ਸਮਾਲ ਫਾਇਨਾਂਸ ਬੈਂਕ ਆਈਪੀਓ 'ਚ ਸ਼ੇਅਰਾਂ ਦੀ ਅਲਾਟਮੈਂਟ 27 ਅਕਤੂਬਰ ਨੂੰ ਪੂਰਾ ਹੋਣ ਦੀ ਸੰਭਾਵਨਾ ਹੈ। ਇਸ਼ੂ 'ਚ ਇਕਵਿਟਾਸ ਹੋਲਡਿੰਗਜ਼ ਦੇ ਸ਼ੇਅਰਧਾਰਕਾਂ ਲਈ ਕੋਈ ਡਿਸਕਾਊਂਟ ਨਹੀਂ ਹੈ। ਹਾਲਾਂਕਿ ਇਸ ਇਸ਼ੂ ਦਾ ਇਕ ਹਿੱਸਾ (ਕਰੀਬ 10 ਫ਼ੀਸਦੀ) ਇਸ ਵਰਗ ਲਈ ਰਾਖਵਾਂ ਹੈ, ਪਰ ਇਸ ਵਰਗ ਲਈ ਕਵਾਲੀਫਾਈ ਹੋਣ ਲਈ ਤੁਹਾਡੇ ਕੋਲ ਇਕਵਿਟਾਸ ਹੋਲਡਿੰਗ ਦਾ ਘੱਟੋ-ਘੱਟ ਇਕ ਸ਼ੇਅਰ ਆਰਐੱਚਪੀ ਫਾਇਲਿੰਗ ਡੇਟ (11 ਅਕਤੂਬਰ) ਨੂੰ ਰਿਹਾ ਹੋਣਾ ਚਾਹੀਦਾ ਹੈ।

ਆਰਬੀਆਈ ਦੇ ਨਿਯਮਾਂ ਅਨੁਸਾਰ, ਇਕ ਸਮਾਲ ਫਾਇਨਾਂਸ ਬੈਂਕ ਦੇ ਪ੍ਰਮੋਟਰ ਨੂੰ ਬੈਂਕ 'ਚ ਆਪਣੀ ਹਿੱਸੇਦਾਰੀ ਸੰਚਾਲਨ ਦੇ ਪੰਜ ਸਾਲ ਬਾਅਦ ਘਟਾ ਕੇ 40 ਫ਼ੀਸਦੀ ਤਕ ਕਰਨੀ ਹੁੰਦੀ ਹੈ। ਇਕਵਿਟਾਸ ਸਮਾਲ ਫਾਇਨਾਂਸ ਬੈਂਕ ਦੇ ਸੰਚਾਲਨ ਦੇ ਪੰਜ ਸਾਲ ਸਤੰਬਰ 2021 'ਚ ਪੂਰੇ ਹੋਣ ਵਾਲੇ ਹਨ। ਮੈਨੇਜਮੈਂਟ ਨੇ ਸੰਕੇਤ ਦਿੱਤਾ ਹੈ ਕਿ ਬੈਂਕ 'ਚ ਇਕਵਿਟਾਸ ਹੋਲਡਿੰਗਜ਼ ਦੀ ਹਿੱਸੇਦਾਰੀ 'ਚ ਕਮੀ ਲਈ ਦੋ ਰਸਤੇ ਵਿਚਾਰਅਧੀਨ ਹਨ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਕਵਿਟਾਸ ਸਮਾਲ ਫਾਇਨਾਂਸ ਬੈਂਕ ਢੁਕਵੇਂ ਸਮੇਂ 'ਤੇ ਬੈਂਕਿੰਗ ਲਾਇਸੈਂਸ ਲਈ ਅਪਲਾਈ ਕਰ ਸਕਦਾ ਹੈ।

Posted By: Seema Anand