ਨਵੀਂ ਦਿੱਲੀ : ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨਵਾਂ ਈ-ਇੰਸਪੈਕਸ਼ਨ ਸਿਸਟਮ ਲਾਂਚ ਕਰਨ ਜਾ ਰਿਹਾ ਹੈ। ਇਸ ਨਾਲ ਇੰਸਪੈਕਸ਼ਨ ਪ੍ਰੋਸੈੱਸ ਸਰਲ ਬਣੇਗਾ। ਇਸ ਸਿਸਟਮ ਨਾਲ ਸੰਗਠਨ ਇਹ ਯਕੀਨੀ ਬਣਾਏਗਾ ਕਿ ਕਮਿਊਨੀਕੇਸ਼ਨ ਫਿਜੀਕਲ ਇੰਸਪੈਕਸ਼ਨ ਦੀ ਬਜਾਏ ਆਨਲਾਈਨ ਹੀ ਹੋਵੇ ਜਦੋਂ ਤਕ ਕਿ ਵੱਡੀ ਜ਼ਰੂਰਤ ਨਾ ਹੋਵੇ। ਇਹ ਜਾਣਕਾਰੀ ਕੇਂਦਰੀ ਭਵਿੱਖ ਨਿਧੀ ਕਮਿਸ਼ਨਰ ਸੁਨੀਲ ਬਰਥਵਾਲ ਨੇ ਦਿੱਤੀ ਹੈ। ਨਿਊਜ਼ ਏਜੰਸੀ ਪੀਟੀਆਈ ਨੇ ਦੱਸਿਆ ਕਿ ਸੀਆਈਆਈ ਦੀ ਪ੍ਰੈੱਸ ਰਿਲੀਜ਼ ਮੁਤਾਬਿਕ, ਬਰਥਵਾਲ ਨੇ ਸੀਆਈਆਈ ਦੇ ਇਕ ਪ੍ਰੋਗਰਾਮ 'ਚ ਕਿਹਾ ਕਿ ਈਪੀਐੱਫਓ ਨੇ ਸ਼ੋਸ਼ਣ 'ਤੇ ਰੋਕ ਲਗਾਉਣ ਲਈ ਐਕਟ 'ਚ ਸੋਧ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਤਹਿਤ ਜਾਂਚ ਦੀ ਵੱਧ ਤੋਂ ਵੱਧ ਮਿਆਦ ਦੋ ਸਾਲ ਹੋਵੇਗੀ।

ਬਰਥਵਾਲ ਨੇ ਕਿਹਾ ਕਿ ਅੰਕੜਿਆਂ ਦੀ ਗੜਬੜ ਕਾਰਨ ਕੁਝ ਫ਼ੀਸਦੀ ਮੁਲਾਜ਼ਮ UAN ਜਨਰੇਟ ਨਹੀਂ ਕਰ ਪਾ ਰਹੇ, ਇਸ ਕਾਰਨ ਈਪੀਐੱਫਓ ਕਰਮਚਾਰੀ ਡੈਟਾਬੇਸ ਜ਼ਰੀਏ ਇੰਸਪੈਕਸ਼ਨ ਦੀ ਬਦਲਵੀਂ ਵਿਵਸਥਾ 'ਤੇ ਵਿਚਾਰ ਕਰ ਰਿਹਾ ਹੈ। ਪ੍ਰੈੱਸ ਰਿਲੀਜ਼ 'ਚ ਕਿਹਾ ਗਿਆ ਹੈ ਕਿ ਈਪੀਐੱਫਓ KYC ਦੀ ਪਾਲਣਾ ਕਰਨ ਵਾਲੇ ਲਾਭਪਾਤਰੀਆਂ ਦੇ ਮਾਮਲਿਆਂ ਦਾ ਨਿਪਟਾਰਾ ਤਿੰਨ ਦਿਨਾਂ ਅੰਦਰ ਕਰਨ ਦੀ ਯੋਜਨਾ ਬਣਾ ਰਿਹਾ ਹੈ। ਅਜਿਹੇ ਲਾਭਪਾਤਰੀਆਂ ਦਾ UAN ਆਧਾਰ ਅਤੇ ਬੈਂਕ ਖਾਤੇ ਨਾਲ ਲਿੰਕ ਹੁੰਦਾ ਹੈ, ਨਾਲ ਹੀ ਮੋਬਾਈਲ ਨੰਬਰ ਵੀ ਰਜਿਸਟਰ ਹੁੰਦਾ ਹੈ।

ਬਰਥਵਾਲ ਨੇ ਉਦਯੋਗ ਲਈ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਗ਼ਲਤੀ ਕਰਨ ਵਾਲਿਆਂ ਨੂੰ ਅਪਰਾਧਕ ਸ਼੍ਰੇਣੀ ਤੋਂ ਬਾਹਰ ਕਰਨ ਅਤੇ ਇਨ੍ਹਾਂ ਮਾਮਲਿਆਂ ਨੂੰ ਆਰਥਿਕ ਅਪਰਾਧ ਦੀ ਸ਼੍ਰੇਣੀ 'ਚ ਰੱਖਣ ਦਾ ਪ੍ਰਸਤਾਵ ਹੈ। ਉਨ੍ਹਾਂ ਕਿਹਾ ਕਿ ਆਈਸੀਏਆਈ ਦੀ ਤਰਜ਼ 'ਤੇ ਸਲਾਹਕਾਰਾਂ ਦੀ ਸੰਸਥਾ ਬਣਾਉਣ ਦਾ ਵੀ ਪ੍ਰਸਤਾਵ ਹੈ ਜੋ ਕਿ ਭ੍ਰਿਸ਼ਟਾਚਾਰ ਰੋਕਣ 'ਚ ਮਦਦ ਕਰੇਗਾ।

Posted By: Seema Anand