ਪੀਟੀਆਈ, ਨਵੀਂ ਦਿੱਲੀ : ਕਰਮਚਾਰੀ ਭਵਿੱਖ ਫੰਡ ਸੰਗਠਨ (ਈਪੀਐੱਫਓ) ਨੇ ਪੈਨਸ਼ਨਰਜ਼ ਲਈ ਜੀਵਨ ਪ੍ਰਮਾਣ-ਪੱਤਰ ਦੇਣ ਦੀ ਸਮਾਂ-ਸੀਮਾ 28 ਫਰਵਰੀ, 2021 ਤਕ ਵਧਾ ਦਿੱਤੀ ਹੈ। ਇਸ ਕਦਮ ਨਾਲ ਅਜਿਹੇ ਕਰੀਬ 35 ਲੱਖ ਲੋਕਾਂ ਨੂੰ ਲਾਭ ਹੋਵੇਗਾ ਜੋ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਨਵੰਬਰ ਤਕ ਆਪਣਾ ਜੀਵਨ ਪ੍ਰਮਾਣ-ਪੱਤਰ ਜਮ੍ਹਾਂ ਨਹੀਂ ਕਰਵਾ ਪਾਏ ਹਨ।

ਕਿਰਤ ਮੰਤਰਾਲੇ ਦੇ ਬਿਆਨ 'ਚ ਰਿਹਾ ਗਿਆ ਹੈ ਕਿ ਜੋ ਪੈਨਸ਼ਨਰਜ਼ 30 ਨਵੰਬਰ ਤਕ ਆਪਣਾ ਜੀਵਨ ਪ੍ਰਮਾਣ-ਪੱਤਰ ਜਮ੍ਹਾਂ ਨਹੀਂ ਕਰ ਪਾਏ ਹਨ, ਉਨ੍ਹਾਂ ਨੂੰ ਫਰਵਰੀ ਤਕ ਹਰ ਮਹੀਨੇ ਪੈਨਸ਼ਨ ਮਿਲੇਗੀ। ਬਿਆਨ 'ਚ ਕਿਹਾ ਗਿਆ ਹੈ, 'ਕੋਵਿਡ-19 ਮਹਾਮਾਰੀ ਅਤੇ ਇਸ ਨਾਲ ਬਜ਼ੁਰਗਾਂ ਨੂੰ ਖ਼ਤਰੇ ਨੂੰ ਦੇਖਦਿਆਂ ਈਪੀਐੱਫਓ ਨੇ ਕਰਮਚਾਰੀ ਪੈਨਸ਼ਨ ਯੋਜਨਾ-1995 ਤਹਿਤ ਪੈਨਸ਼ਨ ਪ੍ਰਾਪਤ ਕਰ ਰਹੇ ਪੈਨਸ਼ਨਰਜ਼ ਲਈ ਜੀਵਨ ਪ੍ਰਮਾਣ-ਪੱਤਰ ਜਮ੍ਹਾਂ ਕਰਵਾਉਣ ਦੀ ਸਮਾਂ-ਸੀਮਾ ਨੂੰ ਵਧਾ ਕੇ 28 ਫਰਵਰੀ, 2021 ਕਰ ਦਿੱਤਾ ਹੈ।

ਫਿਲਹਾਲ ਕੋਈ ਵੀ ਪੈਨਸ਼ਨਰਜ਼ ਸਾਲ ਦੌਰਾਨ 30 ਨਵੰਬਰ ਤਕ ਜੀਵਨ ਪ੍ਰਮਾਣ-ਪੱਤਰ ਜਮ੍ਹਾਂ ਕਰ ਸਕਦਾ ਹੈ। ਇਹ ਪ੍ਰਮਾਣ-ਪੱਤਰ ਇਸਦੇ ਜਾਰੀ ਕਰਨ ਦੀ ਤਰੀਕ ਤੋਂ ਇਕ ਸਾਲ ਲਈ ਵੈਲਿਡ ਹੁੰਦਾ ਹੈ। ਹੁਣ ਅਜਿਹੇ ਸਾਰੇ ਪੈਨਸ਼ਨਰਜ਼ 28 ਫਰਵਰੀ, 2021 ਤਕ ਜੀਵਨ ਪ੍ਰਮਾਣ-ਪੱਤਰ ਜਮ੍ਹਾਂ ਕਰਾ ਸਕਦੇ ਹਨ। ਮੰਤਰਾਲੇ ਨੇ ਕਿਹਾ ਹੈ ਕਿ ਨਵੰਬਰ, 2020 ਤਕ ਜੀਵਨ ਪ੍ਰਮਾਣ-ਪੱਤਰ ਜਮ੍ਹਾਂ ਨਹੀਂ ਕਰਵਾ ਪਾਏ 35 ਲੱਖ ਪੈਨਸ਼ਨਰਜ਼ ਦੀ ਪੈਨਸ਼ਨ ਵਧਾਈ ਮਿਆਦ ਦੌਰਾਨ ਰੋਕੀ ਨਹੀਂ ਜਾਵੇਗੀ।

Posted By: Ramanjit Kaur