EPFO Alert : ਨੌਕਰੀਪੇਸ਼ਾ ਲੋਕਾਂ ਦੀ ਸੈਲਰੀ ਦਾ ਇਕ ਹਿੱਸਾ ਉਨ੍ਹਾਂ ਦੇ PF ਅਕਾਊਂਟ 'ਚ ਜਾਂਦਾ ਹੈ। ਇਹ ਪੈਸਾ ਉਨ੍ਹਾਂ ਦੇ ਬੁਢਾਪੇ ਲਈ ਸੁਰੱਖਿਅਤ ਰਹਿੰਦਾ ਹੈ ਤੇ ਰਿਟਾਇਰਮੈਂਟ ਤੋਂ ਬਾਅਦ ਜੀਵਨ ਭਰ ਉਨ੍ਹਾਂ ਦੀ ਮਦਦ ਕਰਦਾ ਹੈ। ਹੁਣ ਸਾਈਬਰ ਅਪਰਾਧੀਆਂ ਨੇ PF ਅਕਾਊਂਟ ਦਾ ਪੈਸਾ ਵੀ ਲੁੱਟਣਾ ਵੀ ਸ਼ੁਰੂ ਕਰ ਦਿੱਤਾ ਹੈ। ਇਹ ਮੁਲਜ਼ਮ EPFO ਕਰਮਚਾਰੀ ਬਣ ਕੇ ਤੁਹਾਡੇ ਨਾਲ ਗੱਲ ਕਰਦੇ ਹਨ ਤੇ ਤੁਹਾਡੀ ਨਿੱਜੀ ਜਾਣਕਾਰੀ ਇਕੱਠੀ ਕਰਦੇ ਹਨ। ਇਸ ਤੋਂ ਬਾਅਦ ਇਕ ਝਟਕੇ 'ਚ ਤੁਹਾਡੇ PF ਖਾਤੇ ਦਾ ਪੂਰਾ ਪੈਸਾ ਗਾਇਬ ਕਰ ਦਿੰਦੇ ਹਨ। EPFO ਆਪਣੇ ਸਬਸਕ੍ਰਾਈਬਰਜ਼ ਨੂੰ ਫਰਾਡ ਤੋਂ ਬਚਾਉਣ ਲਈ ਸਮੇਂ-ਸਮੇਂ 'ਤੇ ਚਿਤਾਵਨੀ ਦਿੰਦਾ ਰਹਿੰਦਾ ਹੈ। ਇਕ ਵਾਰ ਫਿਰ EPFO ਨੇ ਇਕ ਟਵੀਟ ਕਰਕੇ ਆਪਣੇ ਸਬਸਕ੍ਰਾਈਬਰਜ਼ ਨੂੰ ਫਰਾਡ ਤੋਂ ਬਚਣ ਲਈ ਚਿਤਾਵਨੀ ਦਿੱਤੀ ਹੈ।

ਤੁਸੀਂ ਨੌਕਰੀ ਦੌਰਾਨ ਵੀ ਆਪਣੇ ਪੀਐਫ ਰਾਸ਼ੀ ਦਾ ਇਕ ਵੱਡਾ ਹਿੱਸਾ ਬਾਹਰ ਕੱਢ ਸਕਦੇ ਹੋ ਤੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਉਸ ਨੂੰ ਖਰਚ ਕਰ ਸਕਦੇ ਹੋ। ਇਸ ਤੋਂ ਇਲਾਵਾ ਵੀ ਤੁਹਾਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਹਨ। ਇਸ ਲਈ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਹਮੇਸ਼ਾ ਆਪਣੇ ਪੀਐਫ ਅਕਾਊਂਟ ਤੇ ਉਸ 'ਚ ਮੌਜੂਦ ਪੈਸੇ ਬਾਰੇ ਜਾਗਰੂਕ ਰਹੋ।

EPFO ਨੇ ਦਿੱਤੀ ਚਿਤਾਵਨੀ

EPFO ਨੇ ਆਪਣੇ ਟਵੀਟ 'ਚ ਸਾਰੇ ਸਬਸਕ੍ਰਾਈਬਰਜ਼ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਈਪੀਐਫਓ ਕਦੇ ਵੀ ਆਪਣੇ ਮੈਂਬਰਾਂ ਨੂੰ ਆਪਣਾ ਵਿਅਕਤੀਗਤ ਵੇਰਵਾ ਸਾਂਝਾ ਕਰਨ ਲਈ ਨਹੀਂ ਕਹਿੰਦਾ ਹੈ। ਸਾਵਧਾਨ ਰਹੋ। ਈਪੀਐਫਓ ਕਦੀ ਵੀ ਪਰਸਨਲ ਡਿਟੇਲਜ਼ ਵਰਗੇ ਆਧਾਰ, ਯੂਏਐਨ, ਪੈਨ, ਬੈਂਕ ਖਾਤਾ ਆਦਿ ਦੀ ਜਾਣਕਾਰੀ ਫੋਨ ਜਾਂ ਸੋਸ਼ਲ ਮੀਡੀਆ 'ਤੇ ਨਹੀਂ ਮੰਗਦਾ ਹੈ ਤੇ ਨਾ ਹੀ ਬੈਂਕ 'ਚ ਕੋਈ ਧਨਰਾਸ਼ੀ ਜਮ੍ਹਾ ਕਰਨ ਲਈ ਕਹਿੰਦਾ ਹੈ। ਤੁਸੀਂ ਇਸ ਸਬੰਧ 'ਚ ਜ਼ਿਆਦਾ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ epfindia.gov.in 'ਤੇ ਜਾ ਸਕਦੇ ਹੋ।

ਫਰਜ਼ੀ ਕਾਲ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ

EPFO ਨੇ ਸਮਝਾਇਆ ਹੈ ਕਿ ਜੇਕਰ ਤੁਹਾਨੂੰ ਸੋਸ਼ਲ ਮੀਡੀਆ, ਮੈਸੇਜ ਜਾਂ ਕਾਲ ਰਾਹੀਂ ਕੋਈ ਸੰਪਰਕ ਕਰਦਾ ਹੈ ਤੇ ਖੁਦ ਨੂੰ EPFO ਦਾ ਕਰਮਚਾਰੀ ਦੱਸ ਕੇ ਆਪਣੀ ਨਿੱਜੀ ਜਾਣਕਾਰੀ ਮੰਗਦਾ ਹੈ ਤਾਂ ਉਸ ਦੀ ਗੱਲ ਨੂੰ ਅਣਸੁਣਿਆ ਕਰ ਦਿਓ ਤੇ ਸਾਈਬਰ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿਓ। ਅਜਿਹੇ ਮਾਮਲਿਆਂ 'ਚ ਥੋੜ੍ਹੀ ਜਿਹੀ ਲਾਪਰਵਾਹੀ ਭਾਰੀ ਪੈ ਸਕਦੀ ਹੈ।

Posted By: Ravneet Kaur