ਨਵੀਂ ਦਿੱਲੀ (ਏਜੰਸੀ) : ਚੀਨ 'ਚ ਫੈਲੇ ਕੋਰੋਨਾ ਵਾਇਰਸ ਦਾ ਅਸਰ ਸਿਰਫ ਚੀਨ 'ਤੇ ਹੀ ਨਹੀਂ ਬਲਕਿ ਸਮੁੱਚੇ ਕੌਮਾਂਤਰੀ ਅਰਥਚਾਰੇ 'ਤੇ ਪੈ ਰਿਹਾ ਹੈ। ਇਸ ਵਾਇਰਸ ਕਾਰਨ ਚੀਨ 'ਚ ਮੈਨੂਫੈਕਚਰਿੰਗ ਤੇ ਦਰਾਮਦ-ਬਰਾਮਦ ਠੱਪ ਹੋ ਗਈ ਹੈ। ਇਸ ਦਾ ਅਸਰ ਚੀਨ ਤੋਂ ਆਪਣੀਆਂ ਕਾਰੋਬਾਰੀ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀਆਂ ਕੰਪਨੀਆਂ 'ਤੇ ਵੀ ਪੈ ਰਿਹਾ ਹੈ। ਇਸ ਦੌਰਾਨ ਆਈਫੋਨ ਨਿਰਮਾਤਾ ਐਪਲ ਕੰਪਨੀ ਨੇ ਆਪਣੀ ਦੂਸਰੀ ਤਿਮਾਹੀ ਦੀ ਆਮਦਨ ਸਬੰਧੀ ਖ਼ਦਸ਼ਾ ਪ੍ਰਗਟਾਇਆ ਹੈ। ਕੰਪਨੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਖ਼ਤਰੇ ਕਾਰਨ ਉਸ ਦੀ ਆਮਦਨ ਅੰਦਾਜ਼ੇ ਤੋਂ ਘੱਟ ਹੋ ਸਕਦੀ ਹੈ।

ਕੰਪਨੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਚੀਨ 'ਚ ਕਮਜ਼ੋਰ ਮੰਗ ਤੇ ਉਤਪਾਦਨ 'ਚ ਦੇਰੀ ਕਾਰਨ ਆਮਦਨ 'ਚ ਕਮੀ ਹੋ ਸਕਦੀ ਹੈ। ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਉਸ ਦਾ ਅੰਦਾਜ਼ਾ ਹੈ ਕਿ ਉਸ ਦੀ ਦੂਜੀ ਵਿੱਤੀ ਤਿਮਾਹੀ 'ਚ ਸ਼ੁੱਧ ਵਿਕਰੀ 63 ਬਿਲੀਅਨ ਡਾਲਰ ਤੋਂ 67 ਬਿਲੀਅਨ ਡਾਲਰ ਵਿਚਾਲੇ ਰਹਿਣ ਦਾ ਅੰਦਾਜ਼ਾ ਹੈ। ਹਾਲਾਂਕਿ ਕੰਪਨੀ ਨੇ ਉਸ ਦੀ ਦੂਜੀ ਤਿਮਾਹੀ ਲਈ ਆਮਦਨ ਦਾ ਅੰਦਾਜ਼ਾ ਜਾਰੀ ਨਹੀਂ ਕੀਤਾ।

ਐਪਲ ਚੀਨ 'ਚ ਜ਼ਿਆਦਾਤਰ ਆਈਫੋਨਸ ਤੇ ਦੂਜੇ ਉਤਪਾਦ ਬਣਾਉਂਦਾ ਹੈ। ਚੀਨ 'ਚ ਉਤਪਾਦਨ ਦੇ ਅਸਥਾਈ ਰੂਪ 'ਚ ਰੁਕਣ ਤੇ ਰਿਟੇਲ ਸਟੋਰਾਂ ਦੇ ਬੰਦ ਰਹਿਣ ਕਾਰਨ ਕੰਪਨੀ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਕਾਰਨ ਚੀਨ 'ਚ ਹੁਣ ਤਕ 1770 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲਗਪਗ 70,500 ਲੋਕ ਇਸ ਦੀ ਲਪੇਟ 'ਚ ਹਨ।