ਨਵੀਂ ਦਿੱਲੀ (ਪੀਟੀਆਈ) : ਜਨਤਕ ਖੇਤਰ ਦੀ ਕੰਪਨੀ ਐਨਰਜੀ ਐਫੀਸ਼ੀਐਂਸੀ ਸਰਵਿਸਜ਼ ਲਿਮਟਡ (ਈਈਐੱਸਐੱਲ) ਨੇ ਇਲੈਕਟਿ੍ਕ ਵਾਹਨਾਂ ਲਈ ਚਾਰਜਿੰਗ ਸਟੇਸ਼ਨ ਸਥਾਪਤ ਕਰਨ ਸਬੰਧੀ ਬੀਐੱਸਐੱਨਐੱਲ ਨਾਲ ਸਮਝੌਤਾ ਕੀਤਾ ਹੈ। ਇਸ ਸਮਝੌਤੇ ਮੁਤਾਬਕ ਈਈਐੱਸਐੱਲ ਦੇਸ਼ ਭਰ 'ਚ ਸਰਕਾਰੀ ਦੂਰਸੰਚਾਰ ਕੰਪਨੀ ਪੀਐੱਸਐੱਨਐੱਲ ਦੇ ਇਕ ਹਜ਼ਾਰ ਕੇਂਦਰਾਂ 'ਤੇ ਪੜਾਅਵਾਰ ਚਾਰਜਿੰਗ ਸਟੇਸ਼ਨ ਸਥਾਪਤ ਕਰੇਗੀ। ਇਸ ਸਮਝੌਤੇ ਤਹਿਤ ਚਾਰਜਿੰਗ ਸਟੇਸ਼ਨ ਦੇ ਸੰਚਾਲਨ ਤੇ ਰੱਖ-ਰਖਾਅ 'ਤੇ ਆਉਣ ਵਾਲਾ ਸਾਰਾ ਖਰਚਾ ਈਈਐੱਸਐੱਲ ਉਠਾਏਗੀ। ਰੱਖ-ਰਖਾਅ ਲਈ ਯੋਗ ਵਿਅਕਤੀਆਂ ਦੀ ਨਿਯੁਕਤੀ ਵੀ ਈਈਐੱਸਐੱਲ ਦੀ ਜ਼ਿੰਮੇਵਾਰੀ ਹੋਵੇਗੀ। ਦੂਜੇ ਪਾਸੇ ਸਟੇਸ਼ਨ ਲਈ ਜ਼ਰੂਰੀ ਜਗ੍ਹਾ ਤੇ ਪਾਵਰ ਕੁਨੈਕਸ਼ਨ ਮੁਹੱਈਆ ਕਰਵਾਉਣ ਦਾ ਜ਼ਿੰਮਾ ਬੀਐੱਸਐੱਨਐੱਲ ਦਾ ਹੋਵੇਗਾ।

ਨੈਸ਼ਨਲ ਇਲੈਕਟਿ੍ਕ ਮੋਬਿਲਟੀ ਪ੍ਰੋਗਰਾਮ ਦੇ ਟੀਚੇ ਨੂੰ ਧਿਆਨ 'ਚ ਰੱਖਦੇ ਹੋਏ ਈਈਐੱਸਐੱਲ ਦੇਸ਼ ਭਰ 'ਚ 300 ਏਸੀ ਤੇ 170 ਡੀਸੀ ਚਾਰਜਿੰਗ ਸਟੇਸ਼ਨ ਲਗਾ ਰਹੀ ਹੈ। ਦਿੱਲੀ-ਐੱਨਸੀਆਰ 'ਚ ਇਸ ਸਮੇਂ 66 ਜਨਤਕ ਚਾਰਜਿੰਗ ਕੇਂਦਰ ਚਾਲੂ ਹਨ। ਮੰਗ ਵਧਣ ਤੇ ਇਕੱਠਿਆਂ ਵੱਡੇ ਪੈਮਾਨੇ 'ਤੇ ਖ਼ਰੀਦ ਦੀ ਨੀਤੀ ਕਾਰਨ ਈਈਐੱਸਐੱਲ ਨੂੰ ਇਲੈਕਟਿ੍ਕ ਵਾਹਨ ਤੇ ਚਾਰਜਿੰਗ ਬਾਜ਼ਾਰ ਕੀਮਤ ਤੋਂ ਕਾਫੀ ਘੱਟ ਖਰਚੇ 'ਤੇ ਮੁਹੱਈਆ ਹੋ ਜਾਂ ਹਨ। ਈਈਐੱਸਐੱਲ ਇਸ ਦਾ ਲਾਭ ਗਾਹਕਾਂ ਨੂੰ ਦਿੰਦੀ ਹੈ।