ਨਵੀਂ ਦਿੱਲੀ, ਪੀਟੀਆਈ : ਉਪਭੋਗਤਾ ਸ਼ਿਕਾਇਤ ਨਿਵਾਰਨ ਲਈ ਸ਼ੁਰੂ ਕੀਤਾ ਗਿਆ ਆਨਲਾਈਨ ਪੋਰਟਲ 'ਈ-ਦਾਖ਼ਿਲ' ਹੁਣ 15 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਸ਼ੁਰੂ ਹੋ ਚੁੱਕਾ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਕ ਅਧਿਕਾਰਤ ਬਿਆਨ ਅਨੁਸਾਰ 20 ਜੁਲਾਈ, 2020 ਤੋਂ ਲਾਗੂ ਹੋਏ ਉਪਭੋਗਤਾ ਸੁਰੱਖਿਆ ਐਕਟ 2019 'ਚ ਉਪਭੋਗਤਾ ਫੋਰਮਸ 'ਚ ਉਪਭੋਗਤਾ ਸ਼ਿਕਾਇਤਾਂ ਆਨਲਾਈਨ ਦਾਖ਼ਲ ਕਰਨ ਤੇ ਸ਼ਿਕਾਇਤ ਦਾਖ਼ਲ ਕਰਨ ਲਈ ਫੀਸ ਦਾ ਆਨਲਾਈਨ ਭੁਗਤਾਨ ਕਰਨ ਦੀ ਵਿਵਸਥਾ ਹੈ।

ਉਪਭੋਗਤਾ ਸ਼ਿਕਾਇਤਾਂ ਨੂੰ ਆਨਲਾਈਨ ਦਰਜ ਕਰਵਾਉਣ ਲਈ NIC ਵੱਲੋਂ ਇਕ ਪੋਰਟਲ ਵਿਕਸਤ ਕੀਤਾ ਗਿਆ ਹੈ। ਇਸ ਪੋਰਟਲ ਦਾ ਨਾਂ ' edaakhil.nic.in' ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਪੋਰਟਲ ਹੁਣ 15 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਸ਼ੁਰੂ ਹੋ ਗਿਆ ਹੈ। ਉਪਭੋਗਤਾ ਮਾਮਲੇ ਵਿਭਾਗ ਬਾਕੀ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੀ ਈ-ਪੋਰਟਲ ਸ਼ੁਰੂ ਕਰਨ ਦੀ ਦਿਸ਼ਾ 'ਚ ਯਤਨਸ਼ੀਲ ਹੈ।

ਈ-ਫਾਈਲਿੰਗ ਨੂੰ ਕੌਮੀ ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ (NCDRC) ਵੱਲੋਂ 7 ਸਤੰਬਰ, 2020 ਨੂੰ ਲਾਂਚ ਕੀਤਾ ਗਿਆ ਸੀ। ਇਸ ਨੂੰ 8 ਸਤੰਬਰ 2020 ਨੂੰ ਸਭ ਤੋਂ ਪਹਿਲਾਂ ਲਾਗੂ ਕਰਨ ਵਾਲਾ ਪਹਿਲਾ ਸੂਬਾ ਦਿੱਲੀ ਸੀ। ਇਸ ਤੋਂ ਬਾਅਦ ਮਹਾਰਾਸ਼ਟਰ, ਅੰਡੇਮਾਨ ਨਿਕੋਬਾਰ ਦੀਪ ਸਮੂਹ, ਬਿਹਾਰ, ਛੱਤੀਸਗੜ੍ਹ, ਝਾਰਖੰਡ, ਗੁਜਰਾਤ, ਚੰਡੀਗੜ੍ਹ, ਆਂਧਰ ਪ੍ਰਦੇਸ਼, ਓਡੀਸ਼ਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਪੰਜਾਬ, ਕਰਨਾਟਕ ਤੇ ਹਰਿਆਣਾ ਨੇ ਆਪਣੇ ਸੂਬੇ/ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਇਸ ਸਹੂਲਤ ਨੂੰ ਲਾਗੂ ਕੀਤਾ। ਇਨ੍ਹਾਂ ਸੂਬਿਆਂ 'ਚ ਹੁਣ ਉਪਭੋਗਤਾ ਆਪਣੀਆਂ ਸ਼ਿਕਾਇਤਾਂ ਇਸ ਪੋਰਟਲ 'ਤੇ ਕਰ ਸਕਦੇ ਹਨ।

ਡਿਜੀਟਲ ਮਾਧਿਅਮ ਰਾਹੀਂ ਉਪਲਬਧ ਇਸ ਮੰਚ 'ਤੇ ਕਈ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਨ੍ਹਾਂ ਸਹੂਲਤਾਂ 'ਚ ਈ-ਨੋਟਿਸ, ਮਾਮਲੇ ਨਾਲ ਜੁੜੇ ਦਸਤਾਵੇਜ਼ਾਂ ਨੂੰ ਡਾਊਨਲੋਡ ਕਰਨ ਲਈ ਲਿੰਕ, ਵੀਡੀਓ ਕਾਨਫਰੰਸ ਜ਼ਰੀਏ ਸੁਣਵਾਈ ਲਈ ਵੀਸੀ ਲਿੰਕ, ਵਿਰੋਧੀ ਧਿਰ ਵੱਲੋਂ ਲਿਖਤੀ ਜਵਾਬ ਦਾਖ਼ਲ ਕਰਨ ਦੀ ਸਹੂਲਤ ਤੇ ਐੱਸਐੱਮਐੱਸ/ਈ-ਮੇਲ ਅਲਰਟ ਦੀ ਸਹੂਲਤ ਆਦਿ ਸ਼ਾਮਲ ਹਨ।

Posted By: Seema Anand