ਜੇਐੱਨਐੱਨ, ਮੁੰਬਈ : ਮੁੰਬਈ ਦੀ ਸਪੈਸ਼ਲ ਹੌਲੀਡੇ ਕੋਰਟ ਨੇ ਯੈੱਸ ਬੈਂਕ (Yes Bank) ਦੇ ਸੰਸਥਾਪਕ ਰਾਣਾ ਕਪੂਰ ਨੂੰ 11 ਮਾਰਚ ਤਕ ਈਡੀ ਦੀ ਹਿਰਾਸਤ 'ਚ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਮਨੀ ਲਾਂਡਰਿੰਗ ਦੇ ਦੋਸ਼ 'ਚ ਈਡੀ ਦੇ ਅਧਿਕਾਰੀਆਂ ਨੇ 20 ਘੰਟੇ ਲੰਬੀ ਪੁੱਛਗਿੱਛ ਤੋਂ ਬਾਅਦ ਐਤਵਾਰ ਤੜਕੇ 3 ਵਜੇ ਗ੍ਰਿਫ਼ਤਾਰ ਕੀਤਾ ਸੀ।

ਇਸ ਤੋਂ ਪਹਿਲਾਂ ਈਡੀ ਨੇ ਸ਼ੁੱਕਰਵਾਰ ਨੂੰ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਖ਼ਿਲਾਫ਼ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਮੁੰਬਈ ਸਥਿਤ ਰਿਹਾਇਸ਼ 'ਤੇ ਛਾਪੇਮਾਰੀ ਕੀਤੀ। ਉਨ੍ਹਾਂ ਖ਼ਿਲਾਫ਼ ਲੁਕਆਊਟ ਸਰਕੂਲਰ (LOC) ਵੀ ਜਾਰੀ ਕਰ ਦਿੱਤਾ ਗਿਆ ਤਾਂ ਜੋ ਉਹ ਦੇਸ਼ ਛੱਡ ਕੇ ਨਾ ਜਾ ਸਕਣ।

ਬੇਟੀਆਂ ਵੀ ਜਾਂਚ ਦੇ ਘੇਰੇ 'ਚ

ਈਡੀ ਨੇ ਸ਼ੁੱਕਰਵਾਰ ਰਾਤ ਰਾਣਾ ਕਪੂਰ ਦੀ ਵਰਲੀ ਸਥਿਤ ਰਿਹਾਇਸ਼ 'ਤੇ ਜਾ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਸੀ। ਸ਼ਨਿਚਰਵਾਰ ਨੂੰ ਬੇਲਾਰਡ ਪਿਅਰਜ਼ ਸਥਿਤ ਈਡੀ ਦਫ਼ਤਰ ਬੁਲਾ ਕੇ ਪੁੱਛਗਿੱਛ ਕੀਤੀ ਗਈ। ਜਾਂਚ ਦਾ ਦਾਇਰਾ ਵਧਾਉਂਦਿਆਂ ਉਨ੍ਹਾਂ ਦੀਆਂ ਤਿੰਨ ਧੀਆਂ ਰਾਖੀ ਕਪੂਰ ਟੰਡਨ, ਰੋਸ਼ਨੀ ਕਪੂਰ ਤੇ ਰਾਧਾ ਕਪੂਰ ਦੇ ਦਿੱਲੀ ਤੇ ਮੁੰਬਈ ਸਥਿਤ ਘਰਾਂ 'ਚ ਵੀ ਛਾਪੇਮਾਰੀ ਕੀਤ ਗਈ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਸੂਤਰਾਂ ਅਨੁਸਾਰ ਈਡੀ ਨੂੰ ਪਤਾ ਚੱਲਿਆ ਹੈ ਕਿ ਯੈੱਸ ਬੈਂਕ ਤੋਂ ਲਈ ਗਈ ਮੋਟੀ ਰਕਮ ਬਦਲੇ ਦੀਵਾਨ ਹਾਊਸਿੰਗ ਫਾਇਨਾਂਸ ਲਿਮਟਿਡ (ਡੀਐੱਚਐੱਫਐੱਲ) ਨੇ ਰਾਣਾ ਕਪੂਰ ਦੇ ਪਰਿਵਾਰ ਦੀ ਇਕ ਕੰਪਨੀ ਨੂੰ 600 ਕਰੋੜ ਦਾ ਕਰਜ਼ ਦਿੱਤਾ ਸੀ।

ਸੰਕਟ ਜਲਦ ਖ਼ਤਮ ਹੋਣ ਦੇ ਆਸਾਰ

ਮੰਨਿਆ ਜਾ ਰਿਹਾ ਹੈ ਕਿ ਮਾਮਲੇ 'ਚ ਵਿੱਤ ਮੰਤਰਾਲੇ ਦੀ ਸਰਗਰਮੀ ਕਾਰਨ ਯੈੱਸ ਬੈਂਕ ਦਾ ਸੰਕਟ ਇਕ ਮਹੀਨੇ ਤੋਂ ਪਹਿਲਾਂ ਖ਼ਤਮ ਹੋ ਸਕਦਾ ਹੈ। ਯੈੱਸ ਬੈਂਕ 'ਚ 49 ਫ਼ੀਸਦੀ ਹਿੱਸੇਦਾਰੀ ਖਰੀਦਣ ਦਾ ਫ਼ੈਸਲਾ ਕਰ ਚੁੱਕੇ ਭਾਰਤੀ ਸਟੇਟ ਬੈਂਕ (SBI) ਦੇ ਮੁਖੀ ਰਜਨੀਸ਼ ਕੁਮਾਰ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਯੈੱਸ ਬੈਂਕ 'ਚ ਵੱਧ ਤੋਂ ਵੱਧ 10,000 ਕਰੋੜ ਰੁਪਏ ਤਕ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਿਕ ਯੈੱਸ ਬੈਂਕ ਨੂੰ ਸੰਭਾਲਣ 'ਚ ਸਰਕਾਰੀ ਬੀਮਾ ਕੰਪਨੀ ਐੱਲਆਈਸੀ ਦੀ ਵੀ ਮਦਦ ਲਈ ਜਾ ਸਕਦੀ ਹੈ।

30 ਦਿਨਾਂ ਲਈ ਪਾਬੰਦੀ

ਦੱਸ ਦੇਈਏ ਕਿ ਪਹਿਲੇ ਪ੍ਰਮੋਟਰਾਂ ਦੀ ਲੜਾਈ ਤੇ ਉਸ ਤੋਂ ਬਾਅਦ ਗਹਿਰੇ ਵਿੱਤੀ ਸੰਕਟ ਨਾਲ ਜੂਝ ਰਹੇ ਨਿੱਜੀ ਖੇਤਰ ਦੇ ਯੈੱਸ ਬੈਂਕ 'ਤੇ ਭਾਰਤੀ ਰਿਜ਼ਰਵ ਬੈਂਕ (RBI) ਨੇ ਵੀਰਵਾਰ ਨੂੰ ਇਕ ਮਹੀਨੇ ਲਈ ਪਾਬੰਦੀ ਲਗਾ ਦਿੱਤੀ ਸੀ। ਆਰਬੀਆਈ ਨੇ ਯੈੱਸ ਬੈਂਕ ਦੀ ਲਗਾਤਾਰ ਖ਼ਰਾਬ ਮਾਲੀ ਹਾਲਤ ਨੂੰ ਦੇਖਦਿਆਂ ਇਹ ਪਾਬੰਦੀ ਵੀਰਵਾਰ ਰਾਤ 8 ਵਜੇ ਤੋਂ 30 ਦਿਨਾਂ ਲਈ ਲਗਾਈ ਹੈ। ਇਸ ਦੌਰਾਨ ਇਸ ਦੇ ਪ੍ਰਬੰਧਨ ਦੀ ਵਿਵਸਥਾ ਹੋਵੇਗੀ।

Posted By: Seema Anand