ਜਾਗਰਣ ਬਿਊਰੋ, ਨਵੀਂ ਦਿੱਲੀ : ਆਨਲਾਈਨ ਕਾਰੋਬਾਰ ਕਰਨ ਵਾਲੀਆਂ ਈ-ਕਾਮਰਸ ਕੰਪਨੀਆਂ ਦੇ ਫਰਜ਼ੀ ਰੀਵਿਊ (ਸਮੀਖਿਆ) ਨੂੰ ਲੈ ਕੇ ਸਰਕਾਰ ਨੇ ਸਖਤੀ ਕਰਨ ਦਾ ਫੈਸਲਾ ਲੈ ਲਿਆ ਹੈ। ਫਰਜ਼ੀ ਰੀਵਿਊ ਦਿਖਾਉਣ ਵਾਲੀਆਂ ਅਜਿਹੀਆਂ ਵੈੱਬਸਾਈਟਸ ’ਤੇ ਪਡ਼ਾਅਵਾਰ ਤਰੀਕੇ ਨਾਲ ਸ਼ਿਕੰਜਾ ਕੱਸਿਆ ਜਾਵੇਗਾ। ਕੇਂਦਰੀ ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਸੋਮਵਾਰ ਨੂੰ ਇਸ ਦੀ ਗਾਈਡਲਾਈਨ (ਬਾਇਲਾਜ) ਜਾਰੀ ਕਰਦੇ ਹੋਏ ਕਿਹਾ ਕਿ ਇਹ 25 ਨਵੰਬਰ ਤੋਂ ਲਾਗੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਜਿਥੇ ਚੰਗੀ ਸੇਵਾ ਤੇ ਉਤਪਾਦ ਵੇਚਣ ਵਾਲੀਆਂ ਕੰਪਨੀਆਂ ਨੂੰ ਫਾਇਦਾ ਹੋਵੇਗਾ, ਉਥੇ ਹੀ ਖਪਤਕਾਰਾਂ ਨੂੰ ਠੱਗਣ ਵਾਲਿਆਂ ’ਤੇ ਵੀ ਕਾਬੂ ਕਰਨ ’ਚ ਮਦਦ ਮਿਲੇਗੀ।

ਖਪਤਕਾਰ ਮਾਮਲਿਆਂ ਦੇ ਸਕੱਤਰ ਸਿੰਘ ਨੇ ਕਿਹਾ ਕਿ ਵਧਦੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਗਾਈਡਲਾਈਨ ਤਿਆਰ ਕਰਨ ਲਈ ਇਕ ਉੱਚ ਪੱਧਰੀ ਕਮੇਟੀ ਬਣਾਈ ਗਈ ਸੀ। ਇਸ ਵਿਚ ਮੁੱਖ ਈ-ਕਾਮਰਸ ਕੰਪਨੀਆਂ ਦੇ ਨਾਲ ਨਾਲ ਉਦਯੋਗ ਤੇ ਵਪਾਰ ਸਮੂਹਾਂ ਦੇ ਪ੍ਰਤੀਨਿਧੀ ਵੀ ਸ਼ਾਮਲ ਸਨ। ਇਨ੍ਹਾਂ ਦੇ ਸੁਝਾਵਾਂ ਦੇ ਆਧਾਰ ’ਤੇ ਬੀਆਈਐੱਸ ਦੀ ਦੇਖ-ਰੇਖ ’ਚ ਆਈਐੱਸ 19000-2022 ਮਾਪਦੰਡ ਤਿਆਰ ਕੀਤਾ ਗਿਆ ਹੈ। ਇਹ ਮਾਪਦੰਡ ਉਨ੍ਹਾਂ ਸਾਰੇ ਆਨਲਾਈਨ ਪਲੇਟਫਾਰਮਾਂ ’ਤੇ ਲਾਗੂ ਹੋਣਗੇ, ਜਿਥੇ ਖਪਤਕਾਰਾਂ ਦੇ ਰੀਵਿਊ ਦਰਸਾਏ ਜਾਂਦੇ ਹਨ। ਸਿੰਘ ਨੇ ਦੱਸਿਆ ਕਿ ਕਈ ਵਾਰ ਦੇਖਿਆ ਗਿਆ ਹੈ ਕਿ ਕੰਪਨੀਆਂ ਪੈਸੇ ਦੇ ਕੇ ਲੋਕਾਂ ਨਾਲ ਮੁਕਾਬਲੇ ਲਈ ਦੂਜਿਆਂ ਲਈ ਫਰਜ਼ੀ ਨੈਗੇਟਿਵ ਰੀਵਿਊ ਕਰਾਉਂਦੀਆਂ ਹਨ ਤੇ ਆਪਣੇ ਲਈ ਫਾਈਵ ਸਟਾਰ ਰੇਟਿੰਗ ਕਰਾਉਂਦੀਆਂ ਹਨ।

ਅਜਿਹੀਆਂ ਹਰਕਤਾਂ ਕਰਨ ਵਾਲੀਆਂ ਕੰਪਨੀਆਂ ’ਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਹਾਲਾਂਕਿ, ਫਿਲਹਾਲ ਇਹ ਨਿਯਮ ਸਵੈਇੱਛਤ ਹੋਣਗੇ ਅਤੇ ਇਸ ਦੀ ਸਮੀਖਿਆ ਲਗਾਤਾਰ ਜਾਰੀ ਰਹੇਗੀ। ਸਿੰਘ ਨੇ ਦੱਸਿਆ ਕਿ ਬੀਆਈਐੱਸ ਅਗਲੇ 15 ਦਿਨਾਂ ’ਚ ਪ੍ਰਮਾਣਿਤ ਕਰਨ ਦੀ ਪ੍ਰਕਿਰਿਆ ਜਾਰੀ ਕਰੇਗਾ। ਇਸ ’ਚ ਈ-ਕਾਮਰਸ ਕੰਪਨੀਆਂ ਵਲੋਂ ਨਵੇਂ ਨਿਯਮਾਂ ਦੀ ਪਾਲਣਾ ਦੀ ਪੁਸ਼ਟੀ ਕੀਤੀ ਜਾਵੇਗੀ। ਈ-ਕਾਮਰਸ ਕੰਪਨੀਆਂ ਇਸ ਸਰਟੀਫਿਕੇਟ ਲਈ ਬੀਆਈਐੱਸ ਨੂੰ ਅਪਲਾਈ ਕਰ ਸਕਦੀਆਂ ਹਨ। ਕਿਸੇ ਵੀ ਸੰਸਥਾ ’ਚ ਸਮੀਖਿਆ ਦਾ ਪ੍ਰਬੰਧਨ ਕਰਨ ਵਾਲੇ ਵਿਅਕਤੀ ਨੂੰ ਸਮੀਖਿਆ ਪ੍ਰਬੰਧਕ ਕਿਹਾ ਜਾਵੇਗਾ।

ਨਿਯਮਾਂ ਨਾਲ ਜੁਡ਼ੀਆਂ ਖ਼ਾਸ ਗੱਲਾਂ

  • ਜੋ ਜਿਵੇਂ ਲਿਖਿਆ ਗਿਆ ਹੈ, ਉਂਝ ਹੀ ਪ੍ਰਕਾਸ਼ਿਤ ਕੀਤਾ ਜਾਵੇਗਾ। ਵੈੱਬਸਾਈਟ ਦੀ ਪਾਰਦਰਸ਼ਤਾ ਜ਼ਰੂਰੀ ਹੋਵੇਗੀ।
  • ਗਾਹਕ ਦੀ ਸਹਿਮਤੀ ਤੋਂ ਬਿਨਾਂ ਉਸਦੀ ਨਿੱਜਤਾ ਨਾਲ ਛੇਡ਼ਛਾਡ਼ ਨਹੀਂ ਕੀਤੀ ਜਾਵੇਗੀ।
  • ਆਪਣੀ ਸਹੂਲਤ ਅਨੁਸਾਰ ਕਿਸੇ ਚੀਜ਼ ਨੂੰ ਦਰਜਾਬੰਦੀ ਕਰਨ ਜਾਂ ਛੁਪਾਉਣ ’ਤੇ ਸਖ਼ਤ ਪਾਬੰਦੀ ਹੋਵੇਗੀ।
  • ਸਮੀਖਿਅਕ ਦੀ ਪਛਾਣ ਹੋਣੀ ਚਾਹੀਦੀ ਹੈ। ਕੇਵਾਈਸੀ ਪ੍ਰਕਿਰਿਆ ਨੂੰ ਲਾਗੂ ਕਰਨਾ ਹੋਵੇਗਾ।
  • ਨਿਯਮਾਂ ਦੇ ਵਿਰੁੱਧ ਕੋਈ ਵੀ ਕੰਮ ਗ਼ਲਤ ਵਪਾਰ ਵਿਹਾਰ ਮੰਨਿਆ ਜਾਵੇਗਾ।
  • ਖਪਤਕਾਰ ਕਮਿਸ਼ਨ ਅਤੇ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਅਣਦੇਖੀ ਜਾਂ ਅਪਮਾਨ ਲਈ ਕਾਰਵਾਈ ਕਰ ਸਕਦੇ ਹਨ।

    ਇਸ ਤਰ੍ਹਾਂ ਗਾਹਕਾਂ ਨੂੰ ਹੋਵੇਗਾ ਫਾਇਦਾ

    ਖਪਤਕਾਰ ਈ-ਕਾਮਰਸ ਵੈੱਬਸਾਈਟਾਂ ਰਾਹੀਂ ਸੇਵਾਵਾਂ ਅਤੇ ਉਤਪਾਦ ਖਰੀਦਦੇ ਹਨ। ਕੁਝ ਕੰਪਨੀਆਂ ਗਾਹਕਾਂ ਨੂੰ ਗੁੰਮਰਾਹ ਕਰਨ ਲਈ ਜਾਅਲੀ ਸਮੀਖਿਆਵਾਂ ਅਤੇ ਰੇਟਿੰਗਸ ਪ੍ਰਦਾਨ ਕਰਦੀਆਂ ਹਨ। ਟਰੈਵਲ ਬੁਕਿੰਗ ਵਰਗੇ ਪਲੇਟਫਾਰਮਾਂ ’ਤੇ ਸਮੀਖਿਆਵਾਂ ਅਤੇ ਸਟਾਰ ਰੇਟਿੰਗਸ ਬਹੁਤ ਮਹੱਤਵ ਰੱਖਦੀਆਂ ਹਨ। ਅਜਿਹੇ ’ਚ ਜੇਕਰ ਘਟੀਆ ਉਤਪਾਦਾਂ ਅਤੇ ਸੇਵਾਵਾਂ ਲਈ ਚੰਗੀਆਂ ਸਮੀਖਿਆਵਾਂ ਅਤੇ ਸਟਾਰ ਰੇਟਿੰਗ ਉਪਲੱਬਧ ਨਹੀਂ ਹਨ ਤਾਂ ਆਮ ਖਪਤਕਾਰ ਇਸ ਤੋਂ ਦੂਰ ਰਹਿਣਾ ਹੀ ਬਿਹਤਰ ਸਮਝੇਗਾ।

ਭਾਰਤ ਪਹਿਲਾ ਅਜਿਹਾ ਦੇਸ਼ ਹੈ, ਜਿਸਨੇ ਆਨਲਾਈਨ ਰੀਵਿਊ ਲਈ ਮਾਪਦੰਡ ਬਣਾਏ ਹਨ। ਕਈ ਦੇਸ਼ ਫਰਜ਼ੀ ਰੀਵਿਊ ਦੇ ਸਮੱਸਿਆ ਨਾਲ ਨਜਿੱਠਣ ਨੂੰ ਲੈ ਕੇ ਜੂਝ ਰਹੇ ਹਨ। ਅਸੀਂ ਉਦਯੋਗ ਨੂੰ ਬਰਬਾਦ ਨਹੀਂ ਕਰਨਾ ਚਾਹੁੰਦੇ ਹਾਂ ਤੇ ਮਾਪਦੰਡਾਂ ਦਾ ਰਸਤਾ ਅਪਣਾਉਣਾ ਚਾਹੁੰਦੇ ਹਾਂ। ਪਹਿਲਾਂ ਅਸੀਂ ਸਵੈ-ਇੱਛੁਕ ਪਾਲਣ ਦਾ ਵਾਧਾ ਦੇਖਾਂਗੇ। ਇਸ ਤੋਂ ਬਾਅਦ ਵੀ ਜੇ ਫਰਜ਼ੀ ਰੀਵਿਊ ’ਚ ਕਮੀ ਨਹੀਂ ਆਉਂਦੀ ਤਾਂ ਇਨ੍ਹਾਂ ਨਿਯਮਾਂ ਨੂੰ ਲੋਡ਼ੀਂਦਾ ਕੀਤਾ ਜਾ ਸਕਦਾ ਹੈ।

-ਰੋਹਿਤ ਕੁਮਾਰ ਸਿੰਘ, ਖਪਤਕਾਰ ਮਾਮਲਿਆਂ ਦੇ ਸਕੱਤਰ

Posted By: Seema Anand