ਮੁੰਬਈ : ਹੁਣ ਤਕ ਆਏ ਤਿਮਾਹੀ ਨਤੀਜੇ ਬਹੁਤ ਚੰਗੇ ਨਾ ਰਹਿਣ ਨਾਲ ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਸ਼ੁੱਕਰਵਾਰ ਨੂੰ ਵੀ ਗਿਰਾਵਟ ਦਰਜ ਕੀਤੀ ਗਈ। ਬੀਐੱਸਈ ਦਾ ਸੈਂਸੈਕਸ 96.66 ਅੰਕਾਂ ਦੀ ਗਿਰਾਵਟ ਨਾਲ 36,009.84 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ 26.65 ਅੰਕਾਂ ਦੀ ਗਿਰਾਵਟ ਨਾਲ 10,794.95 'ਤੇ ਬੰਦ ਹੋਇਆ। ਹਫ਼ਤੇ ਭਰ ਦੇ ਕਾਰੋਬਾਰ 'ਚ ਹਾਲਾਂਕਿ ਸੈਂਸੈਕਸ 314.74 ਅੰਕ ਅਤੇ ਨਿਫਟੀ 67.60 ਅੰਕ ਮਜ਼ਬੂਤ ਹੋਇਆ।

ਦੇਸ਼ ਦੀ ਸਭ ਤੋਂ ਵੱਡੀ ਆਈਟੀ ਕੰਪਨੀ ਟੀਸੀਐੱਸ ਵਿਚ 2.45 ਫ਼ੀਸਦੀ ਗਿਰਾਵਟ ਰਹੀ। ਟੀਸੀਐੱਸ ਨੇ ਵੀਰਵਾਰ ਨੂੰ ਬਾਜ਼ਾਰ ਬੰਦ ਹੋਣ ਤੋਂ ਬਾਅਦ ਆਪਣੇ ਤਿਮਾਹੀ ਨਤੀਜੇ ਦਾ ਐਲਾਨ ਕੀਤਾ ਸੀ। ਦਸੰਬਰ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਲਾਭ 24.1 ਫ਼ੀਸਦੀ ਵਧਿਆ ਹੈ, ਪਰ ਉਸ ਦਾ ਮਾਰਜਿਨ ਬਾਜ਼ਾਰ ਦੀ ਉਮੀਦ ਤੋਂ ਘੱਟ ਰਿਹਾ।

ਸੈਂਸੈਕਸ 'ਚ ਇੰਡਸਇੰਡ ਬੈਂਕ 'ਚ ਸਭ ਤੋਂ ਜ਼ਿਆਦਾ 3.26 ਫ਼ੀਸਦੀ ਗਿਰਾਵਟ ਰਹੀ। ਇੰਡਸਇੰਡ ਬੈਂਕ ਨੇ ਬੁੱਧਵਾਰ ਨੂੰ ਦਸੰਬਰ ਤਿਮਾਹੀ ਦੇ ਨਤੀਜੇ ਜ਼ਾਹਿਰ ਕਰਦੇ ਹੋਏ ਕਿਹਾ ਸੀ ਕਿ ਉਸ ਦਾ ਸ਼ੁੱਧ ਲਾਭ 5.2 ਫ਼ੀਸਦੀ ਵਧਿਆ। ਇੰਫ੍ਰਾਸਟ੫ਕਚਰ ਲੀਜਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼ (ਆਈਐੱਲਐਂਡਐੱਫਐੱਸ) ਗਰੁੱਪ ਨੂੰ ਦਿੱਤੇ ਕਰਜ਼ ਦੇ ਬੋਝ ਨੇ ਬੈਂਕ ਦੇ ਮੁਨਾਫ਼ੇ 'ਤੇ ਬੁਰਾ ਅਸਰ ਪਾਇਆ ਹੈ। ਆਈਐੱਲਐਂਡਐੱਫਐੱਸ ਗਰੁੱਪ ਨੂੰ ਦਿੱਤੇ ਗਏ ਕਰਜ਼ ਦੀ ਮਦ 'ਚ ਉਸ ਨੂੰ 255 ਕਰੋੜ ਰੁਪਏ ਦੀ ਤਜਵੀਜ਼ ਕਰਨੀ ਪਈ।

ਟਾਟਾ ਮੋਟਰਜ਼, ਯੈੱਸ ਬੈਂਕ ਅਤੇ ਐੱਲਐਂਡਟੀ 'ਚ ਵੀ 2.83 ਫ਼ੀਸਦੀ ਤਕ ਗਿਰਾਵਟ ਰਹੀ। ਸੈਂਸੈਕਸ 'ਚ ਆਈਟੀਸੀ 'ਚ ਸਭ ਤੋਂ ਜ਼ਿਆਦਾ 2.02 ਫ਼ੀਸਦੀ ਤੇਜ਼ੀ ਰਹੀ। ਓਐੱਨਜੀਸੀ, ਵੇਦਾਂਤਾ, ਇਨਫੋਸਿਸ, ਐਕਸਿਸ ਬੈਂਕ ਅਤੇ ਐੱਚਡੀਐੱਫਸੀ ਵਿਚ ਵੀ 0.80 ਫ਼ੀਸਦੀ ਤਕ ਤੇਜ਼ੀ ਰਹੀ। ਇਸ ਵਿਚਾਲੇ ਬਾਜ਼ਾਰ ਦੇ ਅਸਥਾਈ ਅੰਕੜਿਆਂ ਮੁਤਾਬਕ ਵੀਰਵਾਰ ਨੂੰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫਪੀਆਈ) ਨੇ 344.58 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਵਿਕਵਾਲੀ ਕੀਤੀ ਸੀ, ਜਦਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ (ਡੀਆਈਆਈ) ਨੇ 10.98 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਲਿਵਾਲੀ ਕੀਤੀ ਸੀ। ਏਸ਼ੀਆ ਦੇ ਹੋਰ ਪ੍ਰਮੁੱਖ ਬਾਜ਼ਾਰਾਂ 'ਚ ਤੇਜ਼ੀ ਦਾ ਰੁਖ਼ ਦੇਖਿਆ ਗਿਆ। ਜਾਪਾਨ ਦੇ ਨਿਕਈ ਵਿਚ 0.97 ਫ਼ੀਸਦੀ, ਹਾਂਗਕਾਂਗ ਦੇ ਹੈਂਗਸੇਂਗ ਵਿਚ 0.55 ਫ਼ੀਸਦੀ ਅਤੇ ਕੋਰੀਆ ਦੇ ਕੋਸਪੀ ਵਿਚ 0.60 ਫ਼ੀਸਦੀ ਤੇਜ਼ੀ ਦੇਖੀ ਗਈ।