ਮੁੰਬਈ (ਪੀਟੀਆਈ) : ਹੇਠਲੇ ਪੱਧਰ 'ਤੇ ਖ਼ਰੀਦਾਰੀ ਤੇ ਵਿਦੇਸ਼ੀ ਬਾਜ਼ਾਰਾਂ ਦੇ ਹਾਂ-ਪੱਖੀ ਰੁਖ਼ ਨਾਲ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਮੁੜ ਤੋਂ ਤੇਜ਼ੀ ਦਿਖ ਰਹੀ ਹੈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਮੁੱਖ ਸੂਚਕਅੰਕ ਸੈਂਸੈਕਸ ਮੰਗਲਵਾਰ ਨੂੰ 447.05 ਅੰਕਾਂ ਦੇ ਵਾਧੇ ਨਾਲ ਫਿਰ ਤੋਂ 50 ਹਜ਼ਾਰ ਦਾ ਪੱਧਰ ਪਾਰ ਕਰਦੇ ਹੋਏ 50296.89 'ਤੇ ਬੰਦ ਹੋਇਆ। ਐੱਨਐੱਸਈ ਦੇ 50 ਸ਼ੇਅਰਾਂ ਵਾਲਾ ਮੁੱਖ ਸੂਚਅੰਕ ਨਿਫਟੀ ਨੇ ਵੀ 157.55 ਅੰਕਾਂ ਦੀ ਤੇਜ਼ੀ ਹਾਸਲ ਕੀਤੀ ਤੇ 14919.10 'ਤੇ ਬੰਦ ਹੋਇਆ। ਬੀਤੇ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੇਸ਼ ਦਾ ਅਰਥਚਾਰਾ ਚਾਲੂ ਵਿੱਤੀ ਸਾਲ ਦੀ ਤੀਸਰੀ ਤਿਮਾਹੀ 'ਚ ਹਾਂ-ਪੱਖੀ ਜ਼ੋਨ 'ਚ ਪਰਤ ਗਿਆ ਹੈ। ਆਟੋ ਤੇ ਆਈਟੀ ਦੇ ਸ਼ੇਅਰਾਂ 'ਚ ਨਿਵੇਸ਼ਕਾਂ ਨੇ ਖੂਬ ਦਿਲਚਸਪੀ ਦਿਖਾਈ। ਸੈਂਸੈਕਸ ਪੈਕ 'ਚ ਮੰਗਲਵਾਰ ਨੂੰ 25 ਸ਼ੇਅਰਾਂ 'ਚ ਤੇਜ਼ੀ ਦਰਜ ਕੀਤੀ ਗਈ। ਸਾਰੇ ਸੈਕਟਰਾਂ ਦੇ ਸੂਚਕਅੰਕ ਤੇਜ਼ੀ ਨਾਲ ਬੰਦ ਹੋਏ। ਵੱਡੇ ਪੱਧਰ 'ਤੇ ਸਮਾਲਕੈਪ 'ਚ 1.60 ਫ਼ੀਸਦੀ, ਮਿਡਕੈਪ 'ਚ 1.55 ਫ਼ੀਸਦੀ ਤੇ ਲਾਰਜਕੈਪ 'ਚ 1.11 ਫ਼ੀਸਦੀ ਦਾ ਵਾਧਾ ਹੋਇਆ।

Posted By: Susheel Khanna