ਮੁੰਬਈ (ਪੀਟੀਆਈ) : ਸ਼ੁੱਕਰਵਾਰ ਨੂੰ ਲਗਾਤਾਰ ਤੀਜੇ ਸੈਸ਼ਨ ਵਿਚ ਪ੍ਰਮੁੱਖ ਭਾਰਤੀ ਸ਼ੇਅਰ ਬਾਜ਼ਾਰ ਬੜ੍ਹਤ ਨਾਲ ਬੰਦ ਹੋਏ। ਅਮਰੀਕਾ-ਚੀਨ ਵਿਚਾਲੇ ਟ੍ਰੇਡ ਸਮਝੌਤੇ ਨਾਲ ਜੁੜੀਆਂ ਸਕਾਰਾਤਮਕ ਖ਼ਬਰਾਂ ਅਤੇ ਬਰਤਾਨੀਆ ਵਿਚ ਬੋਰਿਸ ਜੌਨਸਨ ਦੇ ਚੋਣਾਂ ਜਿੱਤਣ ਦਾ ਅਸਰ ਗਲੋਬਲ ਮਾਰਕੀਟ 'ਤੇ ਪਿਆ। ਇਸ ਨਾਲ ਭਾਰਤੀ ਸ਼ੇਅਰ ਬਾਜ਼ਾਰਾਂ ਵਿਚ ਵੀ ਜ਼ੋਰਦਾਰ ਖ਼ਰੀਦੋ-ਫਰੋਖ਼ਤ ਹੋਈ। ਹਫ਼ਤੇ ਦੇ ਆਖ਼ਰੀ ਕਾਰੋਬਾਰੀ ਸੈਸ਼ਨ ਵਿਚ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 428 ਅੰਕ ਯਾਨੀ 1.05 ਫ਼ੀਸਦੀ ਉਛਲ ਕੇ 41,009.71 ਦੇ ਪੱਧਰ 'ਤੇ ਬੰਦ ਹੋਇਆ। ਉਥੇ ਐੱਨਐੱਸਈ ਦੇ 50 ਸ਼ੇਅਰਾਂ ਵਾਲੇ ਨਿਫਟੀ ਵਿਚ ਵੀ 114.90 ਅੰਕ ਦੀ ਤੇਜ਼ੀ ਆਈ। ਇਹ 12 ਹਜ਼ਾਰ ਦੇ ਮਨੋਵਿਗਿਆਨਕ ਅੰਕੜੇ ਨੂੰ ਪਾਰ ਕਰਦੇ ਹੋਏ 12,086.70 'ਤੇ ਬੰਦ ਹੋਇਆ।

ਜਾਣਕਾਰਾਂ ਮੁਤਾਬਕ, ਟ੍ਰੇਨ-ਵਾਰ ਖ਼ਤਮ ਹੋਣ ਦੀ ਉਮੀਦ ਅਤੇ ਬਰਤਾਨੀਆ ਦੀਆਂ ਆਮ ਚੋਣਾਂ ਵਿਚ ਬੋਰਿਸ ਜੌਨਸਨ ਨੂੰ ਮਿਲੇ ਸਪਸ਼ਟ ਬਹੁਮਤ ਨਾਲ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿਚ ਜੋਸ਼ ਦੀ ਲਹਿਰ ਦੇਖੀ ਗਈ। ਦੂਜੇ ਪਾਸੇ, ਸੂਚਨਾ ਇਹ ਵੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨਾਲ ਟ੍ਰੇਡ ਸਮਝੌਤੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਛੇਤੀ ਹੀ ਅਧਿਕਾਰਤ ਰੂਪ ਨਾਲ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ।

ਸ਼ੁੱਕਰਵਾਰ ਨੂੰ ਸੈਂਸੈਕਸ ਪੈਕ ਵਿਚ ਐਕਸਿਸ ਬੈਂਕ ਦੇ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ ਤੇਜ਼ੀ ਦਰਜ ਕੀਤੀ ਗਈ। ਇਹ 4.21 ਫ਼ੀਸਦੀ ਉਛਾਲ ਨਾਲ ਬੰਦ ਹੋਏ। ਇਸ ਤੋਂ ਇਲਾਵਾ ਵੇਦਾਂਤਾ, ਐੱਸਬੀਆਈ, ਮਾਰੂਤੀ ਸੁਜ਼ੂਕੀ, ਇੰਡਸਇੰਡ ਬੈਂਕ ਅਤੇ ਯੈੱਸ ਬੈਂਕ ਦੇ ਸ਼ੇਅਰਾਂ ਵਿਚ 3.75 ਫ਼ੀਸਦੀ ਤਕ ਦਾ ਉਛਾਲ ਦਰਜ ਕੀਤਾ ਗਿਆ। ਦੂਜੇ ਪਾਸੇ, ਭਾਰਤੀ ਏਅਰਟੈੱਲ, ਕੋਟਕ ਬੈਂਕ, ਬਜਾਜ ਆਟੋ, ਏਸ਼ੀਅਨ ਪੇਂਟਸ, ਐੱਚਡੀਐੱਫਸੀ ਬੈਂਕ ਅਤੇ ਐੱਚਯੂਐੱਲ ਦੇ ਸ਼ੇਅਰ 1.98 ਫ਼ੀਸਦੀ ਤਕ ਗਿਰਾਵਟ ਨਾਲ ਬੰਦ ਹੋਏ। ਇਸ ਹਫ਼ਤੇ ਕੁਲ ਮਿਲਾ ਕੇ ਸੈਂਸੈਕਸ 564.56 ਅਤੇ ਨਿਫਟੀ 165.20 ਅੰਕ ਦੀ ਤੇਜ਼ੀ ਦਰਜ ਕਰਨ ਵਿਚ ਸਫਲ ਰਿਹਾ। ਏਸ਼ੀਆ ਦੇ ਹੋਰ ਸ਼ੇਅਰ ਬਾਜ਼ਾਰਾਂ ਵਿਚ ਸ਼ੰਘਾਈ ਹਾਂਗਕਾਂਗ ਅਤੇ ਸਿਓਲ ਹਰੇ ਨਿਸ਼ਾਨ 'ਤੇ ਬੰਦ ਹੋਏ। ਯੂਰਪ ਦੇ ਸ਼ੇਅਰ ਬਾਜ਼ਾਰ ਵੀ ਸੈਸ਼ਨ ਦੇ ਸ਼ੁਰੂਆਤੀ ਕਾਰੋਬਾਰ ਵਿਚ ਤੇਜ਼ੀ ਦਰਜ ਕਰਨ ਵਿਚ ਸਫਲ ਰਹੇ।

ਇਨ੍ਹਾਂ ਸ਼ੇਅਰਾਂ 'ਚ ਰਹੀ ਤੇਜ਼ੀ

ਬੈਂਕ ਆਫ ਬੜੌਦਾ : ਅੰਸਾ ਮਰਚੈਂਟ ਬੈਂਕ ਦੇ ਨਾਲ ਸ਼ੇਅਰ ਖ਼ਰੀਦ ਸਮਝੌਤਿਆਂ ਤੋਂ ਬਾਅਦ ਬੈਂਕ ਦੇ ਸ਼ੇਅਰਾਂ ਵਿਚ ਚਾਰ ਫ਼ੀਸਦੀ ਦਾ ਉਛਾਲ ਦਰਜ ਕੀਤਾ ਗਿਆ। ਬੀਐੱਸਈ ਵਿਚ ਇਸ ਦੇ ਸ਼ੇਅਰ 3.93 ਫ਼ੀਸਦੀ ਉਛਲ ਕੇ 101.75 ਰੁਪਏ ਦੇ ਭਾਅ 'ਤੇ ਬੰਦ ਹੋਏ। ਉਤੇ ਐੱਨਐੱਸਈ ਵਿਚ ਇਹ 4.14 ਫ਼ੀਸਦੀ ਦੀ ਤੇਜ਼ੀ ਨਾਲ ਦਰਜ ਕਰਨ ਵਿਚ ਸਫਲ ਰਹੇ। ਇੱਥੇ ਬੈਂਕ ਦੇ ਸ਼ੇਅਰ 101.95 ਰੁਪਏ ਪ੍ਰਤੀ ਸ਼ੇਅਰ ਦੇ ਭਾਅ 'ਤੇ ਬੰਦ ਹੋਏ।

ਉੱਜੀਵਨ ਸਮਾਲ ਫਾਈਨੈਂਸ ਬੈਂਕ : ਸ਼ੁੱਕਰਵਾਰ ਨੂੰ ਇਸ ਦੇ ਸ਼ੇਅਰਾਂ ਵਿਚ ਗਿਰਾਵਟ ਦਾ ਰੁਖ਼ ਰਿਹਾ। ਬੀਐੱਸਈ ਵਿਚ ਇਸ ਬੈਂਕ ਦੇ ਸ਼ੇਅਰ 6.89 ਫ਼ੀਸਦੀ ਡਿੱਗ ਕੇ 52.05 ਰੁਪਏ 'ਤੇ ਬੰਦ ਹੋਏ। ਉਥੇ ਐੱਨਐੱਸਈ ਵਿਚ ਇਸ ਦੇ ਸ਼ੇਅਰ ਛੇ ਫ਼ੀਸਦੀ ਗਿਰਾਵਟ ਨਾਲ 52.55 ਰੁਪਏ 'ਤੇ ਵਿਕੇ। ਜ਼ਿਕਰਯੋਗ ਹੈ ਕਿ ਬੈਂਕ ਪਿਛਲੇ ਵੀਰਵਾਰ ਨੂੰ ਹੀ ਸ਼ੇਅਰ ਮਾਰਕੀਟ ਵਿਚ ਸੂਚੀਬੱਧ ਹੋਇਆ ਸੀ। ਪਹਿਲੇ ਦਿਨ ਇਸ ਦੇ ਸ਼ੇਅਰ 51 ਫ਼ੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਦਰਜ ਕਰਨ ਵਿਚ ਸਫਲ ਰਹੇ ਸਨ।

ਮੈਟਲ ਸਟਾਕਸ ਚਮਕੇ

ਨਵੀਂ ਦਿੱਲੀ : ਅਮਰੀਕਾ-ਚੀਨ ਵਿਚ ਚੱਲ ਰਹੀ ਟ੍ਰੇਡ ਵਾਰ ਦੇ ਖ਼ਾਤਮੇ ਦੇ ਸੰਕੇਤ ਮਿਲਣ ਨਾਲ ਭਾਰਤੀ ਮੈਟਲ ਸਟਾਕਸ ਵਿਚ ਚਮਕ ਦੇਖਚੀ ਗਈ। ਸ਼ੁੱਕਰਵਾਰ ਨੂੰ ਕਾਰੋਬਾਰ ਵਿਚ ਮੈਟਲ ਸਟਾਕਸ ਵਿਚ ਚਾਰ ਫ਼ੀਸਦੀ ਤਕ ਦੀ ਤੇਜ਼ੀ ਆਈ। ਇਸ ਦੌਰਾਨ ਬੀਐੱਸਈ ਵਿਚ ਵੇਦਾਂਤਾ 3.75, ਹਿੰਡਾਲਕੋ 3.63, ਕੋਲ ਇੰਡੀਆ 3.07 ਅਤੇ ਟਾਟਾ ਸਟੀਲ ਦੇ ਸ਼ੇਅਰਾਂ ਵਿਚ 2.39 ਫ਼ੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਇਸ ਤੋਂ ਇਲਾਵਾ ਸੇਲ, ਜੇਐੱਸਡਬਲਯੂ ਸਟੀਲ ਤੇ ਰਾਸ਼ਟਰੀ ਐਲੂਮੀਨੀਅਮ ਕੰਪਨੀ ਦੇ ਸ਼ੇਅਰ ਵੀ 2.01 ਫ਼ੀਸਦੀ ਤਕ ਦੇ ਉਛਾਲ ਨਾਲ ਬੰਦ ਹੋਏ। ਇਨ੍ਹਾਂ ਸਟਾਕਸ ਦੇ ਬਲ 'ਤੇ ਬੀਐੱਸਈ ਦਾ ਮੈਡਲ ਇੰਡੈਕਸ 2.30 ਫ਼ੀਸਦੀ ਦੀ ਤੇਜ਼ੀ ਨਾਲ 9,788.75 ਦੇ ਪੱਧਰ 'ਤੇ ਬੰਦ ਹੋਇਆ।