ਨਵੀਂ ਦਿੱਲੀ (ਏਜੰਸੀ) : ਰਾਸ਼ਟਰੀ ਰਾਜਧਾਨੀ 'ਚ ਜਿਊਲਰਜ਼ ਵਿਚਾਲੇ ਮੰਗ ਘਟਣ ਨਾਲ ਬੁੱਧਵਾਰ ਨੂੰ ਸੋਨਾ 135 ਰੁਪਏ ਤਿਲਕ ਕੇ 33,260 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਆਲ ਇੰਡੀਆ ਸਰਾਫ਼ਾ ਐਸੋਸੀਏਸ਼ਨ ਮੁਤਾਬਕ ਉਦਯੋਗਿਕ ਇਕਾਈਆਂ ਤੇ ਸਿੱਕਾ ਨਿਰਮਾਤਾਵਾਂ ਵੱਲੋਂ ਖ਼ਰੀਦਦਾਰੀ ਘਟਣ ਕਾਰਨ ਚਾਂਦੀ ਵੀ 100 ਰੁਪਏ ਡਿੱਗ ਕੇ 38,200 ਰੁਪਏ ਪ੍ਰਤੀ ਕਿੱਲੋ ਦੇ ਭਾਅ 'ਤੇ ਆ ਗਈ।

ਵਿਸ਼ਲੇਸ਼ਕਾਂ ਨੇ ਕਿਹਾ ਕਿ ਅਮਰੀਕਾ ਤੇ ਚੀਨ ਵਿਚਾਲੇ ਵਪਾਰ ਗੱਲਬਾਤ ਦੇ ਸੰਕੇਤ ਮਿਲਣ ਨਾਲ ਪ੍ਰਮੁੱਖ ਵਿਦੇਸ਼ੀ ਸ਼ੇਅਰ ਬਾਜ਼ਾਰਾਂ 'ਚ ਮਜ਼ਬੂਤੀ ਦਾ ਰੁਝਾਨ ਵੇਖਿਆ ਗਿਆ, ਜਿਸ ਨਾਲ ਘਰੇਲੂ ਬਾਜ਼ਾਰ 'ਚ ਸੋਨੇ ਦਾ ਆਕਰਸ਼ਨ ਘੱਟ ਗਿਆ। ਨਿਊਯਾਰਕ 'ਚ ਹਾਲਾਂਕਿ ਸੋਨੇ ਤੇ ਚਾਂਦੀ 'ਚ ਮਜ਼ਬੂਤੀ ਦਿਖੀ, ਜਿੱਥੇ ਸੋਨੇ 'ਚ 1299.40 ਡਾਲਰ ਪ੍ਰਤੀ ਅੌਂਸ (28.35 ਗ੍ਰਾਮ) 'ਤੇ ਅਤੇ ਚਾਂਦੀ 'ਚ 14.92 ਡਾਲਰ ਪ੍ਰਤੀ ਅੌਂਸ 'ਤੇ ਕਾਰੋਬਾਰ ਹੋਇਆ।

ਰਾਸ਼ਟਰੀ ਰਾਜਧਾਨੀ 'ਚ 99.9 ਫ਼ੀਸਦੀ ਖ਼ਰਾ ਸੋਨਾ 135 ਰੁਪਏ ਤਿਲਕ ਕੇ 33,260 ਰੁਪਏ ਅਤੇ 99.5 ਫ਼ੀਸਦੀ ਖ਼ਰਾ ਸੋਨਾ ਵੀ ਇੰਨੀ ਹੀ ਗਿਰਾਵਟ ਨਾਲ 33,090 ਰੁਪਏ ਪ੍ਰਤੀ 10 ਗ੍ਰਾਮ ਦਾ ਰਹਿ ਗਿਆ। ਮੰਗਲਵਾਰ ਨੂੰ ਸੋਨਾ 377 ਰੁਪਏ ਪ੍ਰਤੀ 10 ਗ੍ਰਾਮ ਮਜ਼ਬੂਤ ਹੋਇਆ ਸੀ। ਅੱਠ ਗ੍ਰਾਮ ਸੋਨੇ ਦੀ ਗਿੰਨੀ ਹਾਲਾਂਕਿ 26,500 ਰੁਪਏ ਹਰੇਕ ਦੇ ਭਾਅ 'ਤੇ ਕਾਇਮ ਰਹੀ।

ਚਾਂਦੀ ਹਾਜ਼ਰ 100 ਰੁਪਏ ਡਿੱਗ ਕੇ 38,200 ਰੁਪਏ ਪ੍ਰਤੀ ਕਿੱਲੋ ਅਤੇ ਹਫ਼ਤਾਵਾਰੀ ਡਿਲੀਵਰੀ 47 ਰੁਪਏ ਤਿਲਕ ਕੇ 37,510 ਰੁਪਏ ਪ੍ਰਤੀ ਕਿੱਲੋ ਦੀ ਰਹਿ ਗਈ। ਚਾਂਦੀ ਦੇ ਸਿੱਕਿਆਂ ਦੀ ਕੀਮਤ ਪ੍ਰਤੀ ਸੈਂਕੜਾ 80,000 ਰੁਪਏ ਖ਼ਰੀਦ ਤੇ 81,000 ਰੁਪਏ ਵਿਕਰੀ ਦੇ ਪੱਥਰ 'ਤੇ ਕਾਇਮ ਰਹੀ।