ਮੁੰਬਈ : ਕੌਮਾਂਤਰੀ ਬਾਜ਼ਾਰ ਦੀ ਬੇਭਰੋਸਗੀ ਦੇ ਬਾਵਜੂਦ ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ 'ਚ ਲਗਾਤਾਰ ਤੀਜੇ ਦਿਨ ਤੇਜ਼ੀ ਕਾਇਮ ਰਹੀ। ਇਸ ਦੌਰਾਨ ਬੈਂਕਿੰਗ ਤੇ ਊਰਜਾ ਸ਼ੇਅਰਾਂ 'ਚ ਵੱਧ-ਚੜ੍ਹ ਕੇ ਖ਼ਰੀਦ ਹੋਈ। ਬੀਐੱਸਈ ਦਾ ਸੈਂਸੈਕਸ 216.51 ਅੰਕਾਂ ਦੀ ਤੇਜ਼ੀ ਨਾਲ 37,752.17 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 40.50 ਅੰਕਾਂ ਦੀ ਤੇਜ਼ੀ ਨਾਲ 11,341.70 'ਤੇ ਬੰਦ ਹੋਇਆ।

ਸੈਂਸੈਕਸ 'ਚ ਇੰਡਸਇੰਡ ਬੈਂਕ 'ਚ ਸਭ ਤੋਂ ਵੱਧ 4.15 ਫ਼ੀਸਦੀ ਤੇਜ਼ੀ ਰਹੀ। ਯੈੱਸ ਬੈਂਕ, ਬਜਾਜ ਫਾਈਨਾਂਸ ਐੱਚਡੀਐੱਫਸੀ ਬੈਂਕ ਤੇ ਭਾਰਤੀ ਸਟੇਟ ਬੈਂਕ 'ਚ ਵੀ 3.67 ਫ਼ੀਸਦੀ ਤਕ ਤੇਜ਼ੀ ਰਹੀ। ਦੂਜੇ ਪਾਸੇ ਭਾਰਤੀ ਏਅਰਟੈੱਲ 'ਚ ਸਭ ਤੋਂ ਵੱਧ 3.83 ਫ਼ੀਸਦੀ ਗਿਰਾਵਟ ਰਹੀ। ਵੇਦਾਂਤਾ ਲਿਮਿਟਡ, ਸਨ ਫਾਰਮਾ, ਟਾਟਾ ਸਟੀਲ, ਕੋਲ ਇੰਡੀਆ ਤੇ ਓਐੱਨਜੀਸੀ 'ਚ ਵੀ 3.48 ਫ਼ੀਸਦੀ ਤਕ ਗਿਰਾਵਟ ਰਹੀ। ਸੈਕਟਰਾਂ ਦੇ ਲਿਹਾਜ ਨਾਲ ਬੀਐੱਸਈ ਦੇ ਬੈਂਕਿੰਗ ਸੈਕਟਰ 'ਚ ਸਭ ਤੋਂ ਵੱਧ 1.42 ਫੀਸਦੀ ਤੇਜ਼ੀ ਰਹੀ। ਫਾਈਨਾਂਸ ਸੈਕਟਰ 'ਚ ਵੀ 1.20 ਫ਼ੀਸਦੀ ਤੇਜ਼ੀ ਰਹੀ। ਟੈਲੀਕਾਮ ਸੈਕਟਰ 'ਚ 2.60 ਫ਼ੀਸਦੀ ਦੀ ਸਭ ਤੋਂ ਵੱਧ ਗਿਰਾਵਟ ਵੇਖੀ ਗਈ। ਧਾਤੂ ਸੈਕਟਰ 'ਚ 1.86 ਫ਼ੀਸਦੀ ਦੀ ਤੇ ਸਿਹਤ ਸੇਵਾ 'ਚ 1.63 ਫ਼ੀਸਦੀ ਦੀ ਗਿਰਾਵਟ ਵੇਖੀ ਗਈ। ਬੀਐੱਸਈ ਦੇ ਮਿਡਕੈਪ ਤੇ ਸਮਾਲਕੈਪ ਇੰਡੈਕਸ 'ਚ ਹਾਲਾਂਕਿ ਲੜੀਵਾਰ 0.43 ਫ਼ੀਸਦੀ ਤੇ 0.31 ਫ਼ੀਸਦੀ ਦੀ ਗਿਰਾਵਟ ਰਹੀ।

ਵਿਸ਼ਲੇਸ਼ਕਾਂ ਨੇ ਕਿਹਾ ਕਿ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਲਗਾਤਾਰ ਹੋ ਰਿਹਾ ਨਿਵੇਸ਼ ਤੇ ਰੁਪਏ 'ਚ ਪਿਛਲੇ ਕੁਝ ਦਿਨਾਂ ਤੋਂ ਦਿਖ ਰਹੀ ਮਜ਼ਬੂਤੀ ਬਾਜ਼ਾਰ 'ਚ ਤੇਜ਼ੀ ਦੇ ਕੁਝ ਪ੍ਰਮੁੱਖ ਕਾਰਨਾਂ 'ਚ ਸ਼ਾਮਲ ਹਨ।

ਬਾਜ਼ਾਰ ਦੇ ਅਸਥਾਈ ਅੰਕੜਿਆਂ ਮੁਤਾਬਕ ਮੰਗਲਵਾਰ ਨੂੰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫਪੀਆਈ) ਨੇ 2,477.72 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਖ਼ਰੀਦ ਕੀਤੀ। ਇਸ ਤੋਂ ਇਲਾਵਾ ਮਾਹਰਾਂ ਨੇ ਕਿਹਾ ਕਿ ਬਾਜ਼ਾਰ ਦੇ ਪ੍ਰਤੀਭਾਗੀਆਂ ਦਾ ਅਨੁਮਾਨ ਹੈ ਕਿ ਆਗਾਮੀ ਆਮ ਚੋਣਾਂ 'ਚ ਸੱਤਾਧਾਰੀ ਦਲਾਂ ਦਾ ਪ੍ਦਰਸ਼ਨ ਕਾਫੀ ਚੰਗਾ ਰਹੇਗਾ। ਇਸ ਕਾਰਨ ਨਿਵੇਸ਼ਕਾਂ 'ਚ ਦਾਅ ਲਗਾਉਣ ਦਾ ਉਤਸ਼ਾਹ ਵੱਧ ਗਿਆ ਹੈ। ਵਿਦੇਸ਼ੀ ਬਾਜ਼ਾਰਾਂ 'ਚ ਹਾਲਾਂਕਿ ਬ੍ਰੈਕਜਿਟ ਨਾਲ ਜੁੜੀਆਂ ਬੇਭਰੋਸਕੀਆਂ ਕਾਰਨ ਬੇਚੈਨੀ ਦਾ ਮਾਹੌਲ ਵੇਖਿਆ ਗਿਆ। ਵਿਦੇਸ਼ੀ ਬਾਜ਼ਾਰਾਂ ਦੇ ਕਮਜ਼ੋਰ ਰੁਝਾਨ ਨੇ ਭਾਰਤੀ ਬਾਜ਼ਾਰ ਦੀ ਤੇਜ਼ੀ ਨੂੰ ਇਕ ਦਾਇਰੇ 'ਚ ਸੀਮਤ ਕਰ ਦਿੱਤਾ।

ਜਿਓਜਿਤ ਫਾਈਨਾਂਸੀਅਲ ਸਰਵਿਸਿਜ਼ ਦੇ ਰਿਸਰਚ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਬ੍ਰੈਕਜਿਟ ਦੀ ਚਿੰਤਾ ਨਾਲ ਬਾਜ਼ਾਰ 'ਚ ਉਤਾਰ-ਚੜ੍ਹਾਅ ਦੀ ਸਥਿਤੀ ਵੇਖੀ ਗਈ, ਪਰ ਘਰੇਲੂ ਬਾਜ਼ਾਰ 'ਚ ਤੇਜ਼ੀ ਦੇ ਜਬਰਦਸਤ ਮਾਹੌਲ ਨੇ ਬਾਜ਼ਾਰ ਨੂੰ ਮਜ਼ਬੂਤੀ ਨਾਲ ਬੰਦ ਕੀਤਾ। ਰਿਟੇਲ ਮਹਿੰਗਾਈ ਦਰ ਆਰਬੀਆਈ ਦੇ ਟੀਚੇ ਤੋਂ ਘੱਟ ਰਹਿਣ ਤੇ ਉਦਯੋਗਿਕ ਉਤਪਾਦਨ ਵਿਕਾਸ ਦਰ ਘਟਣ ਕਾਰਨ ਆਗਾਮੀ ਮੁਦਰਾ ਨੀਤੀ ਸਮੀਖਿਆ 'ਚ ਭਾਰਤੀ ਰਿਜ਼ਰਵ ਬੈਂਕ ਦੀ ਮੁੱਖ ਨੀਤੀਗਤ ਵਿਆਜ ਦਰ 'ਚ ਕਟੌਤੀ ਹੋਣ ਦੀ ਉਮੀਦ ਵੱਧ ਗਈ ਹੈ।

ਏਸ਼ੀਆ ਦੇ ਪ੍ਮੁੱਖ ਬਾਜ਼ਾਰਾਂ 'ਚ ਗਿਰਾਵਟ ਦਾ ਮਾਹੌਲ

ਏਸ਼ੀਆ ਦੇ ਪ੍ਮੁੱਖ ਬਾਜ਼ਾਰਾਂ 'ਚ ਬੁੱਧਵਾਰ ਨੂੰ ਗਿਰਾਵਟ ਦਾ ਮਾਹੌਲ ਰਿਹਾ। ਹਾਂਗਕਾਂਗ ਦੇ ਹੈਂਗਸੇਂਗ 'ਚ 0.39 ਫ਼ੀਸਦੀ, ਸ਼ੰਘਾਈ ਕੰਪੋਜਿਟ ਇੰਡੈਕਸ 'ਚ 1.09 ਫ਼ੀਸਦੀ, ਕੋਰੀਆ ਦੇ ਕੋਸਪੀ 'ਚ 0.41 ਫ਼ੀਸਦੀ ਤੇ ਜਾਪਾਨ ਦੇ ਨਿੱਕੇਈ 'ਚ 0.99 ਫ਼ੀਸਦੀ ਗਿਰਾਵਟ ਵੇਖੀ ਗਈ। ਯੂਰਪੀ ਬਾਜ਼ਾਰਾਂ ਦੇ ਸ਼ੁਰੂਆਤੀ ਕਾਰੋਬਾਰ 'ਚ ਫਰੈਂਕਫਰਟ ਦੇ ਡੀਏਐਕਸ 'ਚ 0.05 ਫ਼ੀਸਦੀ ਗਿਰਾਵਟ ਰਹੀ, ਜਦਕਿ ਪੈਰਿਸ ਦੇ ਸੀਏਸੀ 40 'ਚ 0.32 ਫ਼ੀਸਦੀ ਤੇਜ਼ੀ ਤੇ ਲੰਡਨ ਦੇ ਐੱਫਟੀਐੱਸਈ 'ਚ ਵੀ 0.04 ਫ਼ੀਸਦੀ ਤੇਜ਼ੀ ਵੇਖੀ ਗਈ।