ਨਵੀਂ ਦਿੱਲੀ : ਕਾਰਪੋਰੇਸ਼ਨ ਬੈਂਕ ਫਾਇਦੇ 'ਚ ਆ ਗਿਆ ਹੈ। ਅਕਤੂਬਰ-ਦਸੰਬਰ 2018 ਤਿਮਾਹੀ 'ਚ ਉਸ ਨੂੰ 60.53 ਕਰੋੜ ਰੁਪਏ ਦਾ ਸ਼ੁੱਧ ਫਾਇਦਾ ਹੋਇਆ। ਬੈਂਕ ਨੇ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਐੱਨਪੀਏ ਦੀ ਵਿਵਸਥਾ 'ਚ ਭਾਰੀ ਗਿਰਾਵਟ ਆਈ ਹੈ। ਅਕਤੂਬਰ-ਦਸੰਬਰ 2017 'ਚ ਬੈਂਕ ਨੇ 1240.49 ਕਰੋੜ ਰੁਪਏ ਦਾ ਘਾਟਾ ਦਰਜ ਕੀਤਾ ਸੀ।

ਸਮੀਖਿਆ ਤਿਮਾਹੀ 'ਚ ਬੈਂਕ ਦੀ ਕੁੱਲ ਆਮਦਨ ਘੱਟ ਕੇ 4112.32 ਕਰੋੜ ਰੁਪਏ ਰਹੀ, ਜੋ ਇਕ ਸਾਲ ਪਹਿਲਾਂ ਦੀ ਸਮਾਨ ਤਿਮਾਹੀ 'ਚ 4841.37 ਕਰੋੜ ਰੁਪਏ ਸੀ। ਐੱਨਪੀਏ ਲਈ ਕੀਤੀ ਜਾਣ ਵਾਲੀ ਵਿਵਸਥਾ ਸਮੀਖਿਆ ਮਿਆਦ 'ਚ ਘੱਟ ਕੇ 842.28 ਕਰੋੜ ਰੁਪਏ ਰਹਿ ਗਈ, ਜੋ ਇਕ ਸਾਲ ਪਹਿਲਾਂ ਦੀ ਸਮਾਨ ਮਿਆਦ 'ਚ 2494.71 ਕਰੋੜ ਰੁਪਏ ਸੀ।

ਬੈਂਕ ਦੀ ਜਾਇਦਾਦ ਦੀ ਗੁਣਵੱਤਾ ਹਾਲਾਂਕਿ ਪਹਿਲਾ ਤੋਂ ਖ਼ਰਾਬ ਹੋਈ ਹੈ। ਦਸੰਬਰ 2018 'ਚ ਕੁੱਲ ਕਰਜ਼ ਵਿਰੁੱਧ ਗ੍ਰਾਸ ਐੱਨਪੀਏ ਵੱਧ ਕੇ 17.36 ਫ਼ੀਸਦੀ 'ਤੇ ਪੁੱਜ ਗਿਆ, ਜੋ ਇਕ ਸਾਲ ਪਹਿਲਾਂ ਦੀ ਸਮਾਨ ਮਿਆਦ 'ਚ 15.92 ਫ਼ੀਸਦੀ 'ਤੇ ਸੀ। ਇਸ ਦੌਰਾਨ ਨੈੱਟ ਐੱਨਪੀਏ ਵੀ ਵੱਧ ਕੇ 11.47 ਫ਼ੀਸਦੀ ਹੋ ਗਿਆ, ਜੋ ਸਾਲ ਭਰ ਪਹਿਲਾ 10.73 ਫ਼ੀਸਦੀ ਸੀ। ਦਸੰਬਰ 2018 ਦੇ ਅੰਤ 'ਚ ਬੈਂਕ ਦਾ ਪ੍ਰੋਵੀਜਨ ਕਵਰੇਜ ਰੇਸ਼ੋ 66.13 ਫ਼ੀਸਦੀ ਸੀ।

ਰਣਨੀਤਿਕ ਸਲਾਹਕਾਰ ਨਿਯੁਕਤ ਕਰੇਗਾ ਐਕਜਿਮ ਬੈਂਕ

ਚੇਨਈ : ਐਕਸਪੋਰਟ-ਇੰਪੋਰਟ ਬੈਂਕ ਆਫ਼ ਇੰਡੀਆ (ਐਕਜਿਮ ਬੈਂਕ) ਆਪਣੀ ਪੂਰੀ ਕਾਰੋਬਾਰੀ ਰਣਨੀਤੀ 'ਤੇ ਮੁੜ ਵਿਚਾਰ ਕਰਨ ਲਈ ਇਸ ਮਹੀਨੇ ਦੇ ਆਖ਼ਰ ਤਕ ਇਕ ਰਣਨੀਤਕ ਸਲਾਹਕਾਰ ਨਿਯੁਕਤ ਕਰੇਗਾ। ਐੱਮਡੀ ਡੇਵਿਡ ਰਸਕਿਨਹਾ ਨੇ ਇਕ ਪ੍ਰੋਗਰਾਮ 'ਚ ਕਿਹਾ ਕਿ ਚਾਲੂ ਵਿੱਤੀ ਵਰ੍ਹੇ 'ਚ ਬੈਂਕ ਬਾਂਡ ਜਾਰੀ ਕਰਕੇ ਲਗਪਗ ਦੋ ਅਰਬ ਡਾਲਰ ਵੀ ਜੁਟਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਆਈਐੱਲਐਂਡਐੱਫਐੱਸ ਦੀ ਵਿਦੇਸ਼ੀ ਸਹਾਇਕ ਇਕਾਈਆਂ ਕੋਲ ਬੈਂਕ ਦਾ ਲਗਪਗ 480 ਕਰੋੜ ਰੁਪਏ ਦਾ ਕਰਜ਼ ਹੈ। ਜੇਕਰ ਇਨ੍ਹਾਂ ਕਰਜ਼ਿਆਂ ਦੀ ਕਿਸ਼ਤਾਂ ਚੁਕਾਈਆਂ ਜਾ ਰਹੀਆਂ ਹਨ, ਫਿਰ ਵੀ ਬੈਂਕ ਇਸ ਐਕਸਪੋਜਰ ਨੂੰ ਘੱਟ ਕਰਨਾ ਚਾਹੁੰਦਾ ਹੈ।

ਜੂਨ ਤਕ ਸਾਰੀਆਂ ਬੈਂਕਾਂ ਪੀਸੀਏ ਸੂਚੀ ਤੋਂ ਆ ਜਾਣਗੇ ਬਾਹਰ

ਨਵੀਂ ਦਿੱਲੀ : ਵਿੱਤ ਮੰਤਰਾਲੇ ਨੂੰ ਉਮੀਦ ਹੈ ਕਿ ਜੂਨ ਦੇ ਅੰਤ ਤਕ ਸਾਰੇ ਬੈਂਕ ਪ੍ਰਾਮਪਟ ਕਰੈਕਟਿਵ ਐਕਸ਼ਨ (ਪੀਸੀਏ) ਸੂਚੀ ਤੋਂ ਬਾਹਰ ਆ ਜਾਣਗੇ ਤੇ ਉਨ੍ਹਾਂ ਦਾ ਐੱਨਪੀਏ ਉਦੋਂ ਤਕ ਛੇ ਫ਼ੀਸਦੀ ਦੇ ਦਾਇਰੇ 'ਚ ਆ ਜਾਵੇਗਾ। ਦਸੰਬਰ 2018 ਤੇ ਜਨਵਰੀ 2019 'ਚ ਹੋਏ ਰਿਕੈਪਿਟਲਾਈਜੇਸ਼ਨ ਜ਼ਰੀਏ ਪੀਸੀਏ 'ਚ ਸ਼ਾਮਲ ਸਾਰੀਆਂ ਬੈਂਕਾਂ ਦੀ ਪੂੰਜੀ ਸਬੰਧੀ ਜ਼ਰੂਰਤਾਂ ਪੂਰੀਆਂ ਕਰ ਦਿੱਤੀਆਂ ਗਈਆਂ ਹਨ।

ਪਿਛਲੇ ਮਹੀਨੇ ਤਿੰਨ ਬੈਂਕ ਇਸ ਸੂਚੀ ਤੋਂ ਬਾਹਰ ਆ ਚੁੱਕੇ ਹਨ। ਇਨ੍ਹਾਂ 'ਚ ਬੈਂਕ ਆਫ਼ ਇੰਡੀਆ, ਬੈਂਕ ਆਫ਼ ਮਹਾਰਾਸ਼ਟਰ ਤੇ ਓਰੀਐਂਟਲ ਬੈਂਕ ਆਫ਼ ਕਾਮਰਸ ਸ਼ਾਮਲ ਹਨ। ਦੇਨਾ ਬੈਂਕ (ਵਿਜੈ ਬੈਂਕ ਤੇ ਬੈਂਕ ਆਫ਼ ਬੜੌਦਾ ਨਾਲ ਰਲੇਵਾਂ ਹੋਣ ਮਗਰੋਂ) ਤੇ ਆਈਡੀਐੱਫਸੀ ਬੈਂਕ (ਐੱਲਆਈਸੀ ਵੱਲੋਂ ਐਕਵਾਇਰ ਕੀਤੇ ਜਾਣ ਮਗਰੋਂ) ਵੀ ਇਸ ਸੂਚੀ ਤੋਂ ਬਾਹਰ ਹੋ ਜਾਣਗੇ। ਇਸ ਮਗਰੋਂ ਸੂਚੀ 'ਚ ਸਿਰਫ ਛੇ ਬੈਂਕ ਰਹਿ ਜਾਣਗੇ। ਸੂਤਰਾਂ ਨੇ ਕਿਹਾ ਕਿ ਇਹ ਬੈਂਕ ਵੀ ਜੂਨ ਤਕ ਆਪਣੇ ਐੱਨਪੀਏ 'ਚ ਕਮੀ ਕਰ ਸਕਦੇ ਹਨ। ਇਨ੍ਹਾਂ ਚੇ ਬੈਂਕਾਂ 'ਚ ਇਲਾਹਾਬਾਦ ਬੈਂਕ, ਯੂਨਾਈਟਿਡ ਬੈਂਕ ਆਫ਼ ਇੰਡੀਆ, ਕਾਰਪੋਰੇਸ਼ਨ ਬੈਂਕ, ਯੂਕੋ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ ਤੇ ਇੰਡੀਅਨ ਓਵਰਸੀਜ਼ ਬੈਂਕ ਸ਼ਾਮਲ ਹੈ।

ਮਣੀਮੇਖਲਾਈ ਏ ਬਣੀ ਕੇਨਰਾ ਬੈਂਕ ਦੀ ਐਗਜ਼ੀਕਿਊਟਿਵ ਡਾਇਰੈਕਟਰ

ਨਵੀਂ ਦਿੱਲੀ : ਕਾਰਮਿਕ ਮੰਤਰਾਲੇ ਦੇ ਇਕ ਹੁਕਮ ਮੁਤਾਬਕ ਸੀਨੀਅਰ ਬੈਂਕਰ ਮਣੀਮੇਖਲਾਈ ਏ ਸੋਮਵਾਰ ਨੂੰ ਕੇਨਰਾ ਬੈਂਕ ਦੀ ਐਗਜ਼ੀਕਿਊਟਿਵ ਡਾਇਰੈਕਟਰ ਨਿਯੁਕਤ ਕੀਤੀ ਗਈ। ਉਹ ਅਜੇ ਵਿਜੈ ਬੈਂਕ ਦੀ ਜਨਰਲ ਮੈਨੇਜਰ ਹੈ। ਹੁਕਮ ਮੁਤਾਬਕ ਨਵੇਂ ਅਹੁਦੇ 'ਤੇ ਉਨ੍ਹਾਂ ਨੂੰ ਤਿੰਨ ਵਰ੍ਹੇ ਲਈ ਨਿਯੁਕਤ ਕੀਤਾ ਗਿਆ ਹੈ।