ਜਾਗਰਣ ਬਿਊਰੋ, ਨਵੀਂ ਦਿੱਲੀ : ਮਹਿੰਗਾਈ ਦੇ ਮੋਰਚੇ 'ਤੇ ਸਥਿਤੀ ਲਗਾਤਾਰ ਚਿੰਤਾਜਨਕ ਹੁੰਦੀ ਜਾ ਰਹੀ ਹੈ। ਥੋਕ ਮਹਿੰਗਾਈ ਦੀ ਦਰ ਮਾਰਚ, 2021 'ਚ 7.39 ਫੀਸਦੀ 'ਤੇ ਪੁੱਜ ਗਈ, ਜਿਹੜੀ ਅੱਠ ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਹੈ। ਇਸ ਲਈ ਮੁੱਖ ਤੌਰ 'ਤੇ ਕੱਚੇ ਤੇਲ ਤੇ ਧਾਤੂ ਦੀਆਂ ਕੀਮਤਾਂ 'ਚ ਵਾਧਾ ਜ਼ਿੰਮੇਵਾਰ ਹੈ। ਅਪ੍ਰੈਲ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਕਮੀ ਆਈ ਹੈ ਪਰ ਧਾਤੂ ਦੀਆਂ ਕੀਮਤਾਂ 'ਚ ਵਾਧੇ ਦਾ ਰੁਖ਼ ਕਾਇਮ ਹੈ। ਨਾਲ ਹੀ ਕੋਰੋਨਾ ਦੀ ਦੂਜੀ ਲਹਿਰ ਕਾਰਨ ਜਿਸ ਤਰ੍ਹਾਂ ਨਾਲ ਕੁਝ ਵੱਡੇ ਸੂੁਬੇ ਆਂਸ਼ਿਕ ਲਾਕਡਾਊਨ ਦਾ ਕਦਮ ਚੁੱਕ ਰਹੇ ਹਨ, ਉਸ ਨਾਲ ਵੀ ਸਨਅਤੀ ਤੇ ਰੋਜ਼ਮਰ੍ਹਾ ਦੀਆਂ ਚੀਜ਼ਾਂ ਦੀਆਂ ਕੀਮਤਾਂ 'ਤੇ ਅਸਰ ਪੈਣ ਦਾ ਖਦਸ਼ਾ ਹੈ, ਜਿਸ ਨਾਲ ਅੱਗੇ ਮਹਿੰਗਾਈ ਨੂੰ ਹੋਰ ਹਵਾ ਮਿਲ ਸਕਦੀ ਹੈ।

ਮਹਿੰਗਾਈ ਦੀ ਸਥਿਤੀ 'ਤੇ ਰੁਪਏ ਦੀ ਕੀਮਤ ਦਾ ਵੀ ਵੱਡਾ ਅਸਰ ਹੁੰਦਾ ਹੈ। ਰੁਪਏ ਨੇ ਵੀਰਵਾਰ ਨੂੰ ਕੁਝ ਦਮ ਦਿਖਾਇਆ ਤੇ ਪ੍ਰਤੀ ਡਾਲਰ 12 ਪੈਸੇ ਮਜ਼ਬੂਤ ਹੋ ਕੇ 74.93 ਦੇ ਪੱਧਰ 'ਤੇ ਬੰਦ ਹੋਇਆ। ਲਗਾਤਾਰ ਛੇ ਦਿਨਾਂ ਤਕ ਕਮਜ਼ੋਰ ਹੋਣ ਤੋਂ ਬਾਅਦ ਰੁਪਏ ਨੇ ਇਹ ਮਜ਼ਬੂਤੀ ਦਿਖਾਈ ਹੈ। ਵੀਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਤੇ ਕਰੂਡ ਦੀਆਂ ਕੀਮਤਾਂ 'ਚ ਨਰਮੀ ਕਾਰਨ ਰੁਪਇਆ ਥੋੜ੍ਹਾ ਮਜ਼ਬੂਤ ਹੋਇਆ ਹੈ। ਹਾਲੇ ਰੁਪਏ ਦੀ ਚਾਲ ਨੂੰ ਲੈ ਕੇ ਮਾਹਿਰ ਬਹੁਤ ਆਸਵੰਦ ਨਹੀਂ ਹਨ। ਛੇ ਦਿਨਾਂ 'ਚ ਰੁਪਏ ਦੀ ਕੀਮਤ ਡਾਲਰ ਮੁਕਾਬਲੇ 193 ਪੈਸੇ (2.6 ਫ਼ੀਸਦੀ) ਕਮਜ਼ੋਰ ਹੋਈ ਸੀ। ਏਸ਼ੀਆ ਦੀਆਂ ਹੋਰ ਮੁਦਰਾਵਾਂ ਦੇ ਮੁਕਾਬਲੇ ਰੁਪਏ 'ਚ ਜ਼ਿਆਦਾ ਗਿਰਾਵਟ ਦਿਸੀ ਹੈ। ਭਾਰਤ ਆਪਣੀ ਜ਼ਰੂਰਤ ਦਾ 89 ਫੀਸਦੀ ਕਰੂਡ 60 ਫ਼ੀਸਦੀ ਖ਼ੁਰਾਕੀ ਤੇਲ ਦਰਾਮਦ ਕਰਦਾ ਹੈ। ਰੁਪਏ ਮੁਕਾਬਲੇ ਡਾਲਰ ਦੀ ਮਜ਼ਬੂਤੀ ਨਾਲ ਸਾਡੀ ਦਰਾਮਦ ਬਿੱਲ ਵਧਦਾ ਹੈ, ਜਿਸ ਦਾ ਅਸਰ ਘਰੇਲੂ ਮਹਿੰਗਾਈ 'ਤੇ ਦਿਸਦਾ ਹੈ। ਵੀਰਵਾਰ ਨੂੰ ਸਾਹਮਣੇ ਆਏ ਥੋਕ ਮਹਿੰਗਾਈ ਦੇ ਅੰਕੜੇ ਸਰਕਾਰ ਲਈ ਵੀ ਚਿੰਤਾਜਨਕ ਹਨ। ਐੱਨਡੀਏ ਸਰਕਾਰ ਨੇ ਆਪਣੇ ਕਾਰਜਕਾਲ ਦੇ ਸੱਤ ਸਾਲਾਂ 'ਚ ਮੋਟੇ ਤੌਰ 'ਤੇ ਮਹਿੰਗਾਈ ਦੀ ਦਰ ਨੂੰ ਕੰਟਰੋਲ 'ਚ ਰੱਖਿਆ ਹੈ। ਪਹਿਲੀ ਵਾਰੀ ਮਹਿੰਗਾਈ ਕੰਟਰੋਲ ਤੋਂ ਬਾਹਰ ਹੁੰਦੀ ਦਿਸ ਰਹੀ ਹੈ। ਫਰਵਰੀ, 2021 'ਚ ਥੋਕ ਮਹਿੰਗਾਈ ਦੀ ਦਰ 4.17 ਫ਼ੀਸਦੀ ਸੀ, ਜਦਕਿ ਮਾਰਚ, 2020 'ਚ ਇਹ 0.42 ਫ਼ੀਸਦੀ ਸੀ। ਰੇਟਿੰਗ ਏਜੰਸੀ ਇਕਰਾ ਨੇ ਕਿਹਾ ਕਿ ਕੋਰੋਨਾ ਕਾਰਨ ਆਰਥਿਕ ਸਰਗਰਮੀਆਂ ਦੇ ਪ੍ਰਭਾਵਿਤ ਹੋਣ ਨਾਲ ਅੱਗੇ ਵੀ ਥੋਕ ਮਹਿੰਗਾਈ ਵਧੇਗੀ। ਮਈ ਤਕ ਇਹ 11.5 ਫੀਸਦੀ 'ਤੇ ਪੁੱਜ ਸਕਦੀ ਹੈ। ਥੋਕ ਮਹਿੰਗਾਈ ਵਧਣ ਦਾ ਅਸਰ ਪ੍ਰਚੂਨ ਮਹਿੰਗਾਈ 'ਤੇ ਵੀ ਦਿਸਣਾ ਤੈਅ ਮੰਨਿਆ ਜਾ ਰਿਹਾ ਹੈ।