ਅਹਿਮਦਾਬਾਦ : ਹਾਲ ਹੀ 'ਚ ਇਕ ਐਸਬੀਆਈ ਬੈਂਕ ਮੁਲਾਜ਼ਮ ਕੋਲੋਂ ਕਲੈਰੀਕਲ ਗਲਤੀ ਹੋ ਗਈ ਜਿਸ ਕਾਰਨ ਵੱਡੀ ਗੜਬੜ ਹੋ ਗਈ। ਰਿਪੋਰਟਾਂ ਦੇ ਅਨੁਸਾਰ ਸਟਾਫ ਦੀ ਗਲਤੀ ਦੇ ਕਾਰਨ ਫੰਡਾਂ ਦੀ ਦੁਰਵਰਤੋਂ ਹੋਈ ਜੋ ਤੇਲੰਗਾਨਾ ਸਰਕਾਰ ਦੇ ਇਕ ਫਲੈਗਸ਼ਿਪ ਪ੍ਰੋਗਰਾਮ ਦਲਿਤ ਬੰਧੂ ਸਕੀਮ ਲਈ ਰੱਖੇ ਗਏ ਸਨ। ਇਸ ਵਿਸ਼ੇਸ਼ ਸਕੀਮ ਦਾ ਟੀਚਾ ਪ੍ਰਤੀ ਅਨੁਸੂਚਿਤ ਜਾਤੀ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਯਕਮੁਸ਼ਤ ਪੂੰਜੀ ਸਹਾਇਤਾ ਪ੍ਰਦਾਨ ਕਰਨਾ ਹੈ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਅਨੁਸਾਰ, ਇਹ ਸਕੀਮ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਨੂੰ ਇੱਕ ਢੁਕਵੀਂ ਆਮਦਨ ਪੈਦਾ ਕਰਨ ਵਾਲਾ ਸਰੋਤ ਸਥਾਪਤ ਕਰਨ ਲਈ 100 ਪ੍ਰਤੀਸ਼ਤ ਸਬਸਿਡੀ ਦੀ ਪੇਸ਼ਕਸ਼ ਕਰਦੀ ਹੈ।

ਇਸ ਗਲਤੀ ਕਾਰਨ ਲੋਟਸ ਹਸਪਤਾਲ ਦੇ 15 ਮੁਲਾਜ਼ਮਾਂ ਦੇ (ਤਨਖਾਹ) ਖਾਤਿਆਂ 'ਚ ਅਚਾਨਕ 1.50 ਕਰੋੜ ਰੁਪਏ ਟਰਾਂਸਫਰ ਹੋ ਗਏ। ਹਰੇਕ ਕਰਮਚਾਰੀ ਦੇ ਖਾਤੇ ਵਿੱਚ 10 ਲੱਖ ਰੁਪਏ ਆ ਗਏ। ਇਸ ਤੋਂ ਬਾਅਦ 'ਐਕਸੀਡੈਂਟਲ' ਲਾਭਪਾਤਰੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਿਵੇਂ ਹੀ ਐਸਬੀਆਈ ਰੰਗਾਰੇਡੀ ਜ਼ਿਲ੍ਹਾ ਕੁਲੈਕਟੋਰੇਟ ਸ਼ਾਖਾ ਦੇ ਅਧਿਕਾਰੀਆਂ ਨੂੰ ਗ਼ਲਤੀ ਬਾਰੇ ਪਤਾ ਲੱਗਿਆ, ਉਨ੍ਹਾਂ ਹਸਪਤਾਲ ਦੇ ਮੁਲਾਜ਼ਮਾਂ ਨੂੰ ਰਕਮ ਵਾਪਸ ਟ੍ਰਾਂਸਫਰ ਕਰਨ ਲਈ ਕਿਹਾ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ 15 ਵਿੱਚੋਂ 14 ਕਰਮਚਾਰੀਆਂ ਨੇ ਪੈਸੇ ਵਾਪਸ ਕਰ ਦਿੱਤੇ, ਪਰ ਮਹੇਸ਼ ਨਾਂ ਦਾ ਇੱਕ ਵਿਅਕਤੀ ਇਹ ਰਕਮ ਵਾਪਸ ਨਹੀਂ ਕਰ ਸਕਿਆ ਕਿਉਂਕਿ ਉਹ ਫੋਨ 'ਤੇ ਉਪਲਬਧ ਨਹੀਂ ਸੀ।

ਹੈਰਾਨੀ ਦੀ ਗੱਲ ਹੈ ਕਿ ਮਹੇਸ਼ ਨੇ ਇਹ ਮੰਨ ਲਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਦੇ ਬੈਂਕ ਖਾਤੇ ਵਿੱਚ 10 ਲੱਖ ਰੁਪਏ ਜਮ੍ਹਾਂ ਕਰਵਾਏ ਸਨ ਤੇ ਇਸ ਲਈ ਉਸ ਦਾ ਕਰਜ਼ਾ ਚੁਕਾਉਣ ਲਈ ਕੁਝ ਰਕਮ ਕਢਵਾਈ ਸੀ। ਰਿਪੋਰਟ ਅਨੁਸਾਰ ਮਹੇਸ਼ ਨੇ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਪੈਸੇ ਵਾਪਸ ਨਹੀਂ ਕੀਤੇ। ਇਸ ਤੋਂ ਬਾਅਦ ਬੈਂਕ ਅਧਿਕਾਰੀ ਨੇ ਉਸ ਖਿਲਾਫ ਸ਼ਿਕਾਇਤ ਦਰਜ ਕਰਵਾਈ। ਹਫੜਾ-ਦਫੜੀ ਦੇ ਬਾਵਜੂਦ ਬੈਂਕ ਮੁਲਾਜ਼ਮ ਵੱਲੋਂ ਉਸ ਦੀ ਗਲਤੀ ਲਈ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ।

ਫਿਲਹਾਲ ਬੈਂਕ ਅਧਿਕਾਰੀ ਮਹੇਸ਼ ਦੇ ਖਾਤੇ 'ਚ ਟਰਾਂਸਫਰ ਕੀਤੇ ਗਏ 10 ਲੱਖ ਰੁਪਏ ਵਿੱਚੋਂ 6.70 ਲੱਖ ਰੁਪਏ ਦੀ ਵਸੂਲੀ ਕਰਨ ਵਿੱਚ ਕਾਮਯਾਬ ਰਹੇ ਹਨ। ਉਸ ਨੇ ਅਜੇ ਬਾਕੀ ਦੇ 3.30 ਲੱਖ ਰੁਪਏ SBI ਨੂੰ ਵਾਪਸ ਕਰਨੇ ਹਨ।

Posted By: Seema Anand