ਨਵੀਂ ਦਿੱਲੀ (ਪੀਟੀਆਈ) : ਸੀਬੀਆਈ ਨੇ ਸੋਮਵਾਰ ਨੂੰ Yes Bank ਦੇ ਸਾਬਕਾ ਐੱਮਡੀ ਰਾਣਾ ਕਪੂਰ ਅਤੇ Avantha Group ਦੇ ਪ੍ਰਮੋਟਰ ਗੌਤਮ ਥਾਪਰ ਖ਼ਿਲਾਫ਼ 466.51 ਕਰੋਡ਼ ਦੇ ਬੈਂਕ ਘੁਟਾਲੇ ’ਚ ਦੋਸ਼ ਪੱਤਰ ਦਾਇਰ ਕੀਤਾ। ਕਪੂਰ ਦਾ ਨਾਂ ਪਿਛਲੇ ਸਾਲ ਦੋ ਜੂਨ ਨੂੰ ਦਰਜ ਕੀਤੀ ਗਈ ਐੱਫਆਈਆਰ ਵਿਚ ਨਹੀਂ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਹਾਲਾਂਕਿ ਪਿਛਲੇ ਸਾਲ ਦੋ ਜੂਨ ਨੂੰ ਦਰਜ ਐੱਫਆਈਆਰ ਵਿਚ ਕਪੂਰ ਦਾ ਨਾਂ ਸ਼ਾਮਲ ਨਹੀਂ ਸੀ ਪਰ ਜਾਂਚ ਦੌਰਾਨ ਘੁਟਾਲੇ ਵਿਚ ਉਨ੍ਹਾਂ ਦੀ ਭੂਮਿਕਾ ਸਾਹਮਣੇ ਆਈ। ਜਾਂਚ ਏਜੰਸੀ ਨੇ ਮੁੰਬਈ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿ ਦਾਇਰ ਆਪਣੇ ਦੋਸ਼ ਪੱਤਰ ਵਿਚ ਥਾਪਰ ਅਤੇ ਆਯਸਟਰ ਬਿਲਡਵੈੱਲ ਪ੍ਰਾਈਵੇਟ ਲਿਮਟਿਡ (OBPL) ਨੂੰ ਵੀ ਘੁਟਾਲੇ ਵਿਚ ਨਾਮਜ਼ਦ ਕੀਤਾ ਹੈ। ਮੌਕੇ ਦੇ ਮੁੱਖ ਚੌਕਸੀ ਅਧਿਕਾਰੀ ਅਸ਼ੀਸ਼ ਵਿਨੋਦ ਜੋਸ਼ੀ ਤੋਂ ਸ਼ਿਕਾਇਤ ਮਿਲਣ ਤੋਂ ਛੇ ਦਿਨਾਂ ਅੰਦਰ ਸੀਬੀਆਈ ਨੇ ਪਿਛਲੇ ਸਾਲ ਦੋ ਜੂਨ ਨੂੰ ਥਾਪਰ, ਓਬੀਪੀਐੱਲ ਦੇ ਨਿਰਦੇਸ਼ਕਾਂ ਰਘੂਬੀਰ ਕੁਮਾਰ ਸ਼ਰਮਾ, ਰਾਜੇਂਦਰ ੁਕਮਾਰ ਮੰਗਲ, ਤਾਪਸੀ ਮਹਾਜਨ ਅਤੇ ਅਵੰਤਾ ਰਿਆਲਟੀ ਪ੍ਰਾਈਵੇਟ ਲਿਮਟਿਡ ਅਤੇ ਝਾਬੂਆ ਪਾਵਰ ਲਿਮਟਿਡ ਦੇ ਅਣਪਛਾਤੇ ਅਧਿਕਾਰੀ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ।

ਅਧਿਕਾਰੀ ਨੇ ਕਿਹਾ ਕਿ ਲਗਪਗ 15 ਮਹੀਨਿਆਂ ਦੀ ਜਾਂਚ ਤੋਂ ਬਾਅਦ ਜਿਸ ਵਿਚ ਇਸ ਸਾਲ ਅਪ੍ਰੈਲ ਵਿਚ ਯੈੱਸ ਬੈਂਕ ਦੇ ਸਹਿ-ਸੰਸਥਾਪਕ ਕਪੂਰ ਤੋਂ ਪੁੱਛਗਿੱਛ ਵੀ ਸ਼ਾਮਲ ਹੈ, ਏਜੰਸੀ ਨੇ ਵਿਸ਼ੇਸ਼ ਅਦਾਲਤ ਅੱਗੇ ਦੋਸ਼ ਪੱਤਰ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀ ਨੇ ਹਾਲੇ ਤਕ ਅਣਪਛਾਤੇ ਵਿਅਕਤੀਆਂ ਦੀ ਵੱਡੀ ਸਾਜ਼ਿਸ਼ ਅਤੇ ਭੂਮਿਕਾ ਲਈ ਜਾਂਚ ਨੂੰ ਖੁੱਲ੍ਹਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਗੌਤਮ ਥਾਪਰ ਦੇ ਨਾਲ ਕਪੂਰ ਇਕ ਹੋਰ ਮਾਮਲੇ ਵਿਚ ਵੀ ਸਹਿ ਮੁਲਜ਼ਮ ਹੈ ਜੋ ਯੈੱਸ ਬੈਂਕ ਵਿਚ ਦਿੱਲੀ ਦੇ ਇਕ ਮਹਿੰਗੇ ਇਲਾਕੇ ਵਿਚ ਇਕ ਵੱਡੀ ਜਾਇਦਾਦ ਦੇ ਬਦਲੇ ਜਨਤਕ ਧਨ ਦੇ ਹੇਰ-ਫੇਰ ਨਾਲ ਸਬੰਧਤ ਹੈ।

Posted By: Seema Anand