ਨਵੀਂ ਦਿੱਲੀ, ਏਜੰਸੀਆਂ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਡੀਜ਼ਲ ਤੇ ਪੈਟਰੋਲ ਦੀਆਂ ਅਸਮਾਨ ਨੂੰ ਛੂਹ ਰਹੀਆਂ ਕੀਮਤਾਂ 'ਤੇ ਪਹਿਲੀ ਵਾਰ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਨੂੰ ਘਟਾਉਣ ਲਈ ਕੇਂਦਰ ਤੇ ਸੂਬਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਭਾਰਤ 'ਚ ਪੈਟਰੋਲ ਦੀ ਪ੍ਰਚੂਨ ਕੀਮਤ ਦਾ 60 ਫ਼ੀਸਦੀ ਹਿੱਸਾ ਕੇਂਦਰ ਤੇ ਸੂਬਿਆਂ ਵੱਲੋਂ ਲਏ ਜਾਂਦੇ ਟੈਕਸਾਂ ਦਾ ਹੈ, ਜਦੋਂਕਿ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ 'ਚ ਲਗਪਗ 56 ਫ਼ੀਸਦੀ ਹਿੱਸਾ ਕੇਂਦਰ ਤੇ ਸੂਬਿਆਂ ਦੇ ਟੈਕਸਾਂ ਦਾ ਹੈ।

ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾ 'ਚ ਪੈਟਰੋਲ ਦੀਆਂ ਪ੍ਰਚੂਨ ਕੀਮਤਾਂ ਰਾਜਸਥਾਨ ਤੇ ਮੱਧ ਪ੍ਰਦੇਸ਼ 'ਚ ਕੁਝ ਥਾਵਾਂ 'ਤੇ 100 ਰੁਪਏ ਪ੍ਰਤੀ ਲੀਟਰ ਦੇ ਉਪਰ ਪਹੁੰਚ ਚੁੱਕੀ ਹੈ। ਦਰਅਸਲ ਵਿੱਤ ਮੰਤਰੀ ਨੇ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀ ਕੀਮਤ ਪਿਛਲੇ ਸਾਲ ਰਿਕਾਰਡ ਹੇਠਲੇ ਪੱਧਰ 'ਤੇ ਆਉਣ ਦਾ ਲਾਭ ਉਠਾਉਣ ਦੇ ਉਦੇਸ਼ ਨਾਲ ਪੈਟਰੋਲ ਤੇ ਡੀਜ਼ਲ 'ਤੇ ਕੇਂਦਰੀ ਉਤਪਾਦ ਡਿਊਟੀ 'ਚ ਰਿਕਾਰਡ ਵਾਧਾ ਕੀਤਾ ਸੀ। ਹਾਲਾਂਕਿ ਹੁਣ ਜਦੋਂ ਦੇਸ਼ 'ਚ ਤੇਲ ਦੀਆਂ ਪ੍ਰਚੂਨ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ ਤਾਂ ਉਹ ਕੇਂਦਰੀ ਉਤਪਾਦ ਡਿਊਟੀ ਘੱਟ ਕਰਨ ਦੇ ਬਾਰੇ 'ਚ ਕੁਝ ਨਹੀਂ ਕਹਿ ਰਹੀ।

ਇਹ ਇਕ ਵਿਵਾਦਤ ਮੁੱਦਾ ਹੈ

ਵਿੱਤ ਮੰਤਰੀ ਨੇ ਚੇਨਈ ਸਿਟੀਜ਼ਨਸ ਫੋਰਮ ਵੱਲੋਂ ਕਰਵਾਏ ਗਏ ਇਕ ਪ੍ਰਰੋਗਰਾਮ 'ਚ ਕਿਹਾ, 'ਇਹ ਇਕ ਬਹੁਤ ਹੀ ਵਿਵਾਦਤ ਮੁੱਦਾ ਹੈ ਤੇ ਕੋਈ ਵੀ ਮੰਤਰੀ ਕਿਸੇ ਨੂੰ ਸੰਤੁਸ਼ਟ ਨਹੀਂ ਕਰ ਸਕਦਾ। ਇਹ ਇਕ ਅਜਿਹਾ ਵਿਸ਼ਾ ਹੈ ਜਿਸ 'ਚ ਕੀਮਤ ਘੱਟ ਕਰਨ ਤੋਂ ਇਲਾਵਾ ਕੋਈ ਵੀ ਜਵਾਬ ਕਿਸੇ ਦੇ ਗਲ਼ੇ ਨਹੀਂ ਉਤਰੇਗਾ। ਮੈਨੂੰ ਪਤਾ ਹੈ ਕਿ ਮੈਂ ਇਕ ਅਜਿਹੇ ਵਿਸ਼ੇ 'ਤੇ ਬੋਲ ਰਹੀ ਹਾਂ, ਜਿਸ ਦੇ ਬਾਰੇ ਮੈਂ ਕੁਝ ਵੀ ਕਹਾਂ, ਅਸਲੀਅਤ ਦੱਸਣ ਦੀ ਕੋਈ ਵੀ ਕੋਸ਼ਿਸ਼ ਕਰ ਲਵਾਂ, ਅਜਿਹਾ ਲੱਗੇਗਾ ਕਿ ਮੈਂ ਗੱਲਾਂ ਬਣਾ ਰਹੀ ਹਾਂ, ਮੈਂ ਆਪਣੇ ਜਵਾਬ ਤੋਂ ਬਚ ਰਹੀ ਹਾਂ।'

ਜੀਐੱਸਟੀ ਦੇ ਘੇਰੇ 'ਚ ਲਿਆਉਣ ਨਾਲ ਹੋਵੇਗਾ ਹੱਲ

ਵਿੱਤ ਮੰਤਰੀ ਨੇ ਕਿਹਾ ਕਿ ਓਪੇਕ ਤੇ ਸਹਿਯੋਗੀ ਦੇਸ਼ਾਂ ਵੱਲੋਂ ਉਤਪਾਦਨ 'ਚ ਕਟੌਤੀ ਕਰਨ ਨਾਲ ਕੱਚੇ ਤੇਲ ਦੀਆਂ ਕੌਮਾਂਤਰੀ ਕੀਮਤਾਂ ਵੱਧ ਗਈਆਂ ਹਨ। ਇਸ ਕਾਰਨ ਦੇਸ਼ 'ਚ ਤੇਲ ਦੀਆਂ ਪ੍ਰਚੂਨ ਕੀਮਤਾਂ ਵਧੀਆਂ ਹਨ। ਵਿੱਤ ਮੰਤਰੀ ਨੇ ਕਿਹਾ ਕਿ ਪੈਟਰੋਲ ਤੇ ਡੀਜ਼ਲ ਨੂੰ ਜੀਐੱਸਟੀ ਦੇ ਘੇਰੇ 'ਚ ਲਿਆਉਣ ਨਾਲਕੁਝ ਹੱਦ ਤਕ ਦਿੱਕਤਾਂ ਦਾ ਹੱਲ ਹੋ ਸਕੇਗਾ। ਅਜੇ ਤਕ ਕੇਂਦਰ ਸਰਕਾਰ ਪੈਟਰੋਲ ਤੇ ਡੀਜ਼ਲ 'ਤੇ ਉਤਪਾਦ ਡਿਊਟੀ ਨੂੰ ਇਕ ਪੱਕੇ ਦਰ ਨਾਲ ਵਸੂਲਦੀ ਹੈ ਜਦੋਂਕਿ ਸੂਬੇ ਵੱਖ-ਵੱਖ ਦਰਾਂ ਨਾਲ ਵੈਟ ਲਗਾਉਂਦੇ ਹਨ।

ਗਰੰਟੀ ਦੇਣ ਕਿ ਕੇਂਦਰ ਦੇ ਕਦਮ ਦਾ ਸੂਬੇ ਫ਼ਾਇਦਾ ਨਹੀਂ ਉਠਾਉਣਗੇ

ਵਿੱਤ ਮੰਤਰੀ ਨੇ ਕਿਹਾ ਕਿ ਜੇ ਕੇਂਦਰ ਨੈਤਿਕ ਤੌਰ 'ਤੇ ਉਤਪਾਦ ਡਿਊਟੀ ਨੂੰ ਖ਼ਤਮ ਵੀ ਕਰ ਦੇਵੇ ਤਾਂ ਇਸ ਨਾਲ ਕਿਸੇ ਉਦੇਸ਼ ਦੀ ਪੂਰਤੀ ਨਹੀਂ ਹੋਵੇਗੀ। ਮੈਂ ਉਤਪਾਦ ਡਿਊਟੀ ਖ਼ਤਮ ਕਰ ਸਕਦੀ ਹਾਂ ਪਰ ਮੈਨੂੰ ਇਸ ਗੱਲ ਦੀ ਗਰੰਟੀ ਦਿੱਤੀ ਜਾਵੇ ਕਿ ਇਸਦਾ ਫ਼ਾਇਦਾ ਸੂਬਿਆਂ ਵੱਲੋਂ ਨਹੀਂ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਿਆਂ ਵੱਲੋਂ ਪੈਟਰੋਲ ਤੇ ਡੀਜ਼ਲ 'ਤੇ ਲਗਾਏ ਗਏ ਟੈਕਸ ਬਰਾਬਰ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜਲਦ ਹੀ ਕੌਮਾਂਤਰੀ ਪੱਧਰ 'ਤੇ ਤੇਲ ਦੀਆਂ ਕੀਮਤਾਂ 'ਚ ਕਮੀ ਆਵੇਗੀ। ਫਿਲਹਾਲ ਭਾਰਤ ਆਪਣੀ ਜ਼ਰੂਰਤ ਦਾ 85 ਫ਼ੀਸਦੀ ਤੇਲ ਦਰਾਮਦ ਕਰਦਾ ਹੈ।

13 ਦਿਨ ਬਾਅਦ ਮਿਲੀ ਰਾਹਤ

ਪਿਛਲੇ 12 ਦਿਨਾ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੱਧ ਰਹੀਆਂ ਹਨ। ਹਾਲਾਂਕਿ ਐਤਵਾਰ ਨੂੰ ਇਸ 'ਚ ਕੋਈ ਵਾਧਾ ਦਰਜ ਨਹੀਂ ਕੀਤਾ ਗਿਆ। ਸ਼ਨਿਚਰਵਾਰ ਨੂੰ ਨਵੀਂ ਦਿੱਲੀ 'ਚ ਪੈਟਰੋਲ 39 ਪੈਸੇ ਪ੍ਰਤੀ ਲੀਟਰ ਵੱਧ ਕੇ 90.58 ਰੁਪਏ 'ਤੇ ਚਲਾ ਗਿਆ। ਦੂਜੇ ਪਾਸੇ ਡੀਜ਼ਲ ਵੀ 37 ਪੈਸੇ ਦੀ ਛਾਲ ਮਾਰ ਕੇ 80.97 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ। ਮੁੰਬਈ 'ਚ ਪੈਟਰੋਲ 97.00 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

Posted By: Rajnish Kaur