ਨਵੀਂ ਦਿੱਲੀ : ਕੇਂਦਰੀ ਸਿੱਧਾ ਟੈਕਸ ਬੋਰਡ (ਸੀਬੀਡੀਟੀ) ਦੇ ਟਾਸਕ ਫੋਰਸ ਨੂੰ ਇਨਕਮ ਟੈਕਸ ਦੀਆਂ ਮੁਸ਼ਕਲਾਂ ਨੂੰ ਦੂਰ ਕਰਕੇ ਸੌਖਾ ਰੂਪ ਦੇਣ ਲਈ ਦੋ ਮਹੀਨਿਆਂ ਦਾ ਵਾਧੂ ਸਮਾਂ ਮਿਲ ਗਿਆ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਨਵੇਂ ਸਿੱਧੇ ਟੈਕਸ ਕੋਡ (ਡੀਟੀਸੀ) ਦਾ ਖਰੜਾ ਤਿਆਰ ਕਰ ਰਹੇ ਟਾਸਕ ਫੋਰਸ ਨੂੰ ਦੋ ਮਹੀਨੇ ਦਾ ਵਾਧਾ ਦੇਣ ਦੀ ਸੀਬੀਡੀਟੀ ਦੀ ਮੰਗ ਸਵੀਕਾਰ ਕਰ ਲਈ ਹੈ। ਇਸ ਟਾਸਕ ਫੋਰਸ ਦਾ ਕਾਰਜਕਾਲ ਇਸ ਮਹੀਨੇ ਦੇ ਆਖ਼ਰ 'ਚ ਖ਼ਤਮ ਹੋ ਰਿਹਾ ਸੀ। ਸੀਬੀਡੀਟੀ ਦੇ ਮੈਂਬਰ ਅਖਿਲੇਸ਼ ਰੰਜਨ ਨੇ ਕਾਰਜਕਾਲ ਦੋ ਮਹੀਨੇ ਵਧਾਉਣ ਦੀ ਵਕਾਲਤ ਕੀਤੀ ਸੀ। ਵਿੱਤ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ 'ਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਾਰਜਭਾਰ ਵਾਧੇ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ।

ਸੀਬੀਡੀਟੀ ਦੇ ਇਸ ਟਾਸਕ ਫੋਰਸ ਦਾ ਮਕਸਦ ਜਟਿਲ ਟੈਕਸ ਕਾਨੂੰਨਾਂ ਨੂੰ ਸੌਖਾ ਕਰਨਾ ਤੇ ਟੈਕਸ ਦਰਾਂ ਤੇ ਸਲੈਬ 'ਚ ਕਮੀ ਲਿਆਉਣਾ ਹੈ। ਖਰੜਾ ਤਿਆਰ ਹੋ ਜਾਣ ਮਗਰੋਂ ਉਸ 'ਤੇ ਆਮ ਲੋਕਾਂ ਤੇ ਸਾਂਝੇਦਾਰਾਂ ਦੀ ਰਾਏ ਮੰਗੀ ਜਾਵੇਗੀ।

ਚੱਕਰਵਾਤ ਪ੍ਰਭਾਵਿਤ ਓਡੀਸ਼ਾ 'ਚ ਇਨਕਮ ਟੈਕਸ ਵਿਭਾਗ ਨੇ ਇਸ ਵਰ੍ਹੇ ਅਪ੍ਰਰੈਲ ਲਈ ਸਰੋਤ 'ਤੇ ਟੈਕਸ ਕਟੌਤੀ (ਟੀਡੀਐੱਸ) ਜਮ੍ਹਾਂ ਕਰਨ ਦੀ ਤਰੀਕ ਸੱਤ ਮਈ ਤੋਂ ਵਧਾ ਕੇ 20 ਮਈ ਕਰ ਦਿੱਤੀ ਸੀ। ਇਸ ਦੇ ਨਾਲ ਹੀ ਪਿਛਲੇ ਵਿੱਤੀ ਵਰ੍ਹੇ ਲਈ ਤਿਮਾਹੀ ਟੀਡੀਐੱਸ ਦਾ ਸਟੇਟਮੈਂਟ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ ਵਧਾ ਕੇ ਵਿਭਾਗ ਨੇ 30 ਜੂਨ ਕਰ ਦਿੱਤੀ, ਜੋ ਪਹਿਲਾਂ 31 ਮਈ ਸੀ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਨਕਮ ਟੈਕਸ ਵਿਭਾਗ ਨੇ ਪੰਜ ਲੱਖ ਰੁਪਏ ਤਕ ਟੈਕਸ ਯੋਗ ਆਮਦਨ ਵਾਲੇ ਸੀਨੀਅਰ ਨਾਗਰਿਕਾਂ ਨੂੰ ਟੀਡੀਐੱਸ ਤੋਂ ਛੋਟ ਦਾ ਤੋਹਫਾ ਦੇ ਦਿੱਤਾ ਸੀ। ਵਿਭਾਗ ਮੁਤਾਬਕ ਸੀਨੀਅਰ ਨਾਗਰਿਕ ਬੈਂਕ ਤੋਂ ਹਾਸਲ ਪੰਜ ਲੱਖ ਰੁਪਏ ਤਕ ਵਿਆਜ 'ਤੇ ਟੀਡੀਐੱਸ ਛੋਟ ਦੇ ਹੱਕਦਾਰ ਹਨ। ਅਜਿਹੇ ਸੀਨੀਅਰ ਨਾਗਰਿਕ ਬੈਂਕ ਤੇ ਪੋਸਟ ਆਫਿਸ 'ਚ ਫਾਰਮ-15ਐੱਚ ਭਰ ਕੇ ਟੀਡੀਐੱਸ ਤੋਂ ਛੋਟ ਦਾ ਦਾਅਵਾ ਕਰ ਸਕਦੇ ਹਨ। ਇਸ ਤੋਂ ਪਹਿਲਾਂ ਜਮ੍ਹਾਂ ਨਤਜੀ ਦੇ ਬਦਲੇ ਹਾਸਲ 2.5 ਲੱਖ ਰੁਪਏ ਤਕ ਦੇ ਵਿਆਜ ਨੂੰ ਹੀ ਟੀਡੀਐੱਸ ਤੋਂ ਛੋਟ ਦੇ ਦਾਇਰੇ 'ਚ ਰੱਖਿਆ ਗਿਆ ਸੀ।