ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਦੇ ਲਗਾਤਾਰ ਘੱਟ ਹੁੰਦੇ ਨਵੇਂ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਇਕ ਵੱਡਾ ਫੈਸਲਾ ਲੈਂਦੇ ਹੋਏ ਘਰੇਲੂ ਜਹਾਜ਼ ਕੰਪਨੀਆਂ ਦੀ ਸਮਰੱਥਾ ਵਰਤੋਂ ਨੂੰ ਲੈ ਕੇ ਲੱਗੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਹੈ। ਅੱਜ ਤੋਂ ਘਰੇਲੂ ਸੈਟਕਰ ਵਿਚ ਜਹਾਜ਼ ਕੰਪਨੀਆਂ 100 ਫ਼ੀਸਦੀ ਸਮਰੱਥਾ ਨਾਲ ਉਡਾਣ ਭਰ ਸਕਣਗੀਆਂ।

ਮੌਜੂਦਾ ਸਮੇਂ, ਘਰੇਲੂ ਖੇਤਰ ਦੀਆਂ ਕੰਪਨੀਆਂ ਸਿਰਫ਼ 85 ਫ਼ੀਸਦੀ ਸਮਰੱਥਾ ਨਾਲ ਉਡਾਣ ਭਰ ਸਕਦੀਆਂ ਹਨ। ਸਰਕਾਰ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕਾਰਨ ਸਮਾਜਕ ਦੂਰੀਆਂ ਦੇ ਨਿਯਮਾਂ ਕਾਰਨ ਇਹ ਪਾਬੰਦੀ ਲਾਈ ਸੀ। ਸਰਕਾਰ ਵੱਲੋਂ ਪਾਬੰਦੀਆਂ ਹਟਾਉਣ ਦੇ ਇਸ ਫ਼ੈਸਲੇ ਨਾਲ ਯਾਤਰੀਆਂ ਨੂੰ ਵੀ ਵੱਡੀ ਰਾਹਤ ਮਿਲੇਗੀ। ਇਸ ਦਾ ਸਿੱਧਾ ਅਸਰ ਹਵਾਈ ਯਾਤਰਾ ਦੀਆਂ ਟਿਕਟਾਂ 'ਤੇ ਪੈ ਸਕਦਾ ਹੈ। ਹੁਣ ਘੱਟ ਸਮਰੱਥਾ ਦੇ ਕਾਰਨ, ਏਅਰਲਾਈਨ ਕੰਪਨੀਆਂ ਨੂੰ ਟਿਕਟ ਦੀ ਕੀਮਤ ਜ਼ਿਆਦਾ ਰੱਖਣੀ ਪੈ ਰਹੀ ਸੀ, ਜਿਸ ਵਿੱਚ ਹੁਣ ਰਾਹਤ ਦਿੱਤੀ ਜਾ ਸਕਦੀ ਹੈ।

ਦੱਸਣਯੋਗ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕਾਰਨ 23 ਮਾਰਚ 2020 ਤੋਂ ਅਨੁਸੂਚਿਤ ਅੰਤਰਰਾਸ਼ਟਰੀ ਉਡਾਣਾਂ ਤੇ ਪਾਬੰਦੀ ਲਾਈ ਗਈ ਸੀ ਪਰ ਮਈ 2020 ਤੋਂ 'ਵੰਦੇ ਭਾਰਤ ਮਿਸ਼ਨ' ਦੇ ਤਹਿਤ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਕੋਰੋਨਾ ਪ੍ਰੋਟੋਕੋਲ ਦੇ ਤਹਿਤ ਜੁਲਾਈ, 2020 ਤੋਂ ਚੁਣੇ ਹੋਏ ਦੇਸ਼ਾਂ ਦੇ ਨਾਲ ਉਡਾਣਾਂ ਦਾ ਸੰਚਾਲਨ ਜਾਰੀ ਹੈ ਪਰ ਹੁਣ ਸਰਕਾਰ ਦੇ ਫੈਸਲੇ ਤੋਂ ਬਾਅਦ ਅੱਜ ਤੋਂ 100 ਫ਼ੀਸਦੀ ਸਮਰੱਥਾ ਨਾਲ ਉਡਾਣਾਂ ਚੱਲ ਸਕਣਗੀਆਂ।

Posted By: Rajnish Kaur