ਨਵੀਂ ਦਿੱਲੀ : ਲਾਈਫ 'ਚ ਕਦੇ ਵੀ ਆਰਥਿਕ ਤੰਗੀ ਆ ਸਕਦੀ ਹੈ। ਕਈ ਵਾਰ ਅਜਿਹੀ ਹਾਲਤ ਪੈਦਾ ਹੋ ਜਾਂਦੀ ਹੈ ਜਦੋਂ ਕੁਝ ਲੋਕ ਲੋਨ ਦਿਆਂ ਚੱਕਰਾਂ 'ਚ ਫੱਸ ਜਾਂਦੇ ਹਨ। ਤੇ ਅਜਿਹੇ 'ਚ ਨੌਕਰੀ ਵੀ ਗੁਆ ਬੈਠਦੇ ਹਨ। ਇਸ ਤੋਂ ਇਲਾਵਾ ਕਈ ਵਾਰ ਮੈਡੀਕਲ ਪਰੇਸ਼ਾਨੀਆਂ ਦੇ ਚੱਕਰ 'ਚ ਫੱਸ ਜਾਂਦੇ ਹਨ, ਜਿਥੇ ਸਭ ਤੋਂ ਜ਼ਿਆਦਾ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ ਅਜਿਹੀ ਹਾਲਤ 'ਚ ਸਾਰੀ ਬਚਤ ਵੀ ਖਪਤ ਹੋ ਜਾਂਦੀ ਹੈ। ਅਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨ ਲਈ ਹਮੇਸ਼ਾ ਆਰਥਿਕ ਤੌਰ 'ਤੇ ਮਜ਼ਬੂਤ ਰਹਿਣਾ ਚਾਹੀਦਾ ਹੈ। ਆਰਥਿਕ ਤੌਰ 'ਤੇ ਮਜ਼ਬੂਤ ਰਹਿਣਾ ਲਈ ਸਹੀ ਪਲਾਨਿੰਗ ਦੀ ਜ਼ਰੂਰਤ ਹੁੰਦੀ ਹੈ। ਇਸ 'ਚ ਸਭ ਤੋਂ ਪਹਿਲਾਂ ਐਮਰਜੈਂਸੀ ਲਈ ਫੰਡ ਤਿਆਰ ਕਰਨੇ ਚਾਹੀਦੇ ਹਨ ਤੇ ਇਸ ਦੀ ਸ਼ੁਰੂਆਤ ਨੌਕਰੀ ਲੱਗਣ ਦੀ ਸ਼ੁਰੂਆਤ ਤੋਂ ਹੀ ਕਰਨੀ ਚਾਹੀਦੀ ਹੈ। ਇਸ ਫੰਡ 'ਚ ਆਪਣੀ ਆਮਦਨ ਦੇ ਹਿਸਾਬ ਨਾਲ ਸੇਵਿੰਗ ਕਰਨੀ ਚਾਹੀਦੀ ਹੈ।

ਇਨ੍ਹਾਂ ਤਿੰਨ ਥਾਵਾਂ 'ਤੇ ਸੇਵਿੰਗ ਬਹੁਤ ਜ਼ਰੂਰੀ

ਲਾਈਫ ਇੰਸ਼ੋਰੈਂਸ ਸਕੀਮ : ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ, ਜਿਸ ਨੂੰ ਦੇਖਦਿਆਂ ਬੀਮਾ ਖਰੀਦਣਾ ਬਹੁਤ ਜ਼ਰੂਰੀ ਹੈ। ਲਾਈਫ ਇੰਸ਼ੋਰੈਂਸ ਦੇ ਜ਼ਰੀਏ ਕੋਈ ਵੀ ਵਿਅਕਤੀ ਆਪਣੇ ਪਰਿਵਾਰ ਨੂੰ ਖੁਦ ਦੇ ਨਾ ਰਹਿਣ ਦੀ ਹਾਲਤ 'ਚ ਵੀ ਮਜ਼ਬੂਤ ਕਰ ਜਾਂਦਾ ਹੈ। ਮਾਰਕੀਟ 'ਚ ਮੌਜੂਦ ਕਈ ਲਾਈਫ ਇੰਸ਼ੋਰੈਂਸ ਸਕੀਮ ਕਿਸੇ ਵਿਅਕਤੀ ਦੀ ਮੌਤ 'ਤੇ ਉਸ ਦੇ ਪਰਿਵਾਰ ਨੂੰ ਪਹਿਲਾਂ ਤੈਅ ਇਕ ਅਮਾਊਂਟ ਦਿੰਦੀ ਹੈ। ਲਾਈਫ ਇੰਸ਼ੋਰੈਂਸ ਖਰੀਦਣ ਤੋਂ ਪਹਿਲਾਂ ਇਹ ਤੈਅ ਕਰਨਾ ਚਾਹੀਦਾ ਹੈ ਕਿ ਇੰਸ਼ੋਰੈਂਸ ਅਮਾਊਂਟ ਸਾਲਾਨਾ ਖਰਚੇ ਦਾ ਘੱਟ ਤੋਂ ਘੱਟ 10 ਗੁਣਾ ਹੋਣਾ ਚਾਹੀਦਾ ਹੈ।

ਹੈਲਥ ਇੰਸ਼ੋਰੈਂਸ : ਹੈਲਥ ਇੰਸ਼ੋਰੈਂਸ ਕਾਫੀ ਮਹੱਤਵਪੂਰਨ ਚੀਜ਼ ਹੈ, ਕਿਉਂਕਿ ਇਸ ਦੇ ਜ਼ਰੀਏ ਕੋਈ ਵਿਅਕਤੀ ਆਪਣੀ ਬਚਤ ਨੂੰ ਖਤਮ ਕੀਤੇ ਬਿਨਾਂ ਇਲਾਜ ਕਰਵਾ ਲੈਂਦਾ ਹੈ ਤੇ ਜੇਬ੍ਹ 'ਤੇ ਅਸਰ ਵੀ ਨਹੀਂ ਪੈਂਦਾ। ਹੈਲਥ ਇੰਸ਼ੋਰੈਂਸ ਪਾਲਿਸੀ ਖਰੀਦਣ ਸਮੇਂ ਪਾਲਿਸੀ ਦੇ ਲਾਭ, ਕਵਰੇਜ ਤੇ ਪ੍ਰੀਮਿਅਮ ਦੀ ਤੁਲਨਾ ਕਰਨੀ ਚਾਹੀਦੀ ਹੈ ਤੇ ਇਹ ਵੀ ਦੇਖਣਾ ਚਾਹੀਦਾ ਹੈ ਕਿ ਭਵਿੱਖ 'ਚ ਕਿੰਨੇ ਕਵਰੇਜ ਦੀ ਜ਼ਰੂਰਤ ਹੋ ਸਕਦੀ ਹੈ।

ਐਮਰਜੈਂਸੀ ਫੰਡ : ਜੇਕਰ ਤੁਸੀਂ ਹੋਮ ਲੋਨ ਜਾਂ ਕਾਰ ਲੋਨ ਲਿਆ ਹੈ ਜਾਂ ਤੁਹਾਡੇ ਕ੍ਰੈਡਿਟ ਕਾਰਡ ਦਾ ਬਿੱਲ ਬਾਕੀ ਹੈ ਤਾਂ ਅਜਿਹੀ ਹਾਲਤ 'ਚ ਐਮਰਜੈਂਸੀ ਫੰਡ ਬਹੁਤ ਕੰਮ ਆਉਂਦਾ ਹੈ। ਆਰਥਿਕ ਤੰਗੀ ਦੌਰਾਨ ਇਸ ਫੰਡ ਦੀ ਵਰਤੋਂ ਬਿਨਾਂ ਕਿਸੇ ਬਚਤ ਨੂੰ ਛੇੜੇ ਕਰ ਸਕਦੇ ਹੋ।

Posted By: Jaskamal