ਨਵੀਂ ਦਿੱਲੀ, ਜਾਗਰਣ ਬਿਊਰੋ : ਆਖ਼ਰਕਾਰ ਕੋਰੋਨਾ ਦਾ ਪਰਛਾਵਾਂ 73 ਸਾਲ ਪੁਰਾਣੀ ਬਜਟ ਪਰੰਪਰਾ ’ਤੇ ਵੀ ਪੈ ਗਿਆ। ਆਜ਼ਾਦ ਭਾਰਤ ’ਚ 26 ਨਵੰਬਰ 1947 ਨੂੰ ਪਹਿਲੀ ਵਾਰ ਬਜਟ ਦੇ ਰੂਪ ’ਚ ਵਿੱਤੀ ਲੇਖਾ-ਜੋਖਾ ਪੇਸ਼ ਕੀਤਾ ਗਿਆ ਸੀ, ਉਦੋਂ ਤੋਂ ਸੰਸਦ ’ਚ ਪੇਸ਼ ਹੋਣ ਵਾਲੇ ਬਜਟ ਦੀ ਛਪਾਈ ਦਾ ਰੁਝਾਣ ਹੈ ਪਰ ਇਸ ਸਾਲ ਇਹ ਪਰੰਪਰਾ ਟੁੱਟ ਰਹੀ ਹੈ। ਇਸ ਵਜ੍ਹਾ ਨਾਲ ਬਜਟ ਛਪਾਈ ਦੀ ਸ਼ੁਰੂਆਤ ਤੋਂ ਪਹਿਲਾਂ ਇਸ ਵਾਰ ਵਿੱਤ ਮੰਤਰਾਲੇ ’ਚ ਹਲਵੇ ਦੀ ਖੁਸ਼ਬੂ ਨਹੀਂ ਫੈਲੇਗੀ।


ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪਹਿਲੀ ਫਰਵਰੀ ਨੂੰ ਸਾਫਟ ਕਾਪੀ ਨਾਲ ਪੇਸ਼ ਕਰੇਗੀ ਬਜਟ


ਵਿੱਤ ਮੰਤਰਾਲੇ ਦੇ ਸੂਤਰਾਂ ਮੁਤਾਬਕ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਵਾਰ ਪਹਿਲੀ ਫਰਵਰੀ ਨੂੰ ਸਾਫਟ ਕਾਪੀ ਨਾਲ ਬਜਟ ਪੇਸ਼ ਕਰੇਗੀ। ਸੰਸਦ ਮੈਂਬਰਾਂ ਨੂੰ ਬਜਟ ਦੀ ਹਾਰਡ ਕਾਪੀ ਭਾਵ ਛਪੀ ਹੋਈ ਕਾਪੀ ਮੁਹੱਈਆ ਨਹੀਂ ਕਰਵਾਈ ਜਾਵੇਗੀ। ਬਜਟ ਤੋਂ ਇਲਾਵਾ ਇਸ ਸਾਲ ਆਰਥਿਕ ਸਰਵੇ ਦੀ ਵੀ ਛਪਾਈ ਨਹੀਂ ਹੋ ਰਹੀ। ਇਨ੍ਹਾਂ ਪਰੰਪਰਾਵਾਂ ਨੂੰ ਇਸ ਲਈ ਤੋੜਨਾ ਪੈ ਰਿਹੈ ਕਿਉਂਕਿ ਬਜਟ ਦੀ ਛਪਾਈ ਕਾਫੀ ਗੁਪਤ ਤਰੀਕੇ ਨਾਲ ਹੁੰਦੀ ਹੈ। ਛਪਾਈ ਦੌਰਾਨ ਇਕੱਠੇ 50 ਤੋਂ ਵੱਧ ਮੁਲਾਜ਼ਮ ਵਿੱਤ ਮੰਤਰਾਲੇ ਦੇ ਨਾਰਥ ਬਲਾਕ ’ਚ ਲਗਪਗ 15 ਦਿਨਾਂ ਤਕ ਆਪਣੇ ਘਰ-ਪਰਿਵਾਰ ਤੋਂ ਦੂਰ ਇਕੱਠੇ ਰਹਿੰਦੇ ਹਨ, ਜੋ ਕੋਰੋਨਾ ਦੇ ਇਸ ਦੌਰ ’ਚ ਸੰਭਵ ਨਹੀਂ ਹੈ। ਬਜਟ ਦੀ ਛਪਾਈ ’ਚ ਲੱਗਣ ਵਾਲੇ ਮੁਲਾਜ਼ਮਾਂ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਦੇਣ ਨਾਲ ਬਜਟ ਦੇ ਲੀਕ ਹੋਣ ਦਾ ਖਦਸ਼ਾ ਰਹੇਗਾ। ਸੂਤਰਾਂ ਮੁਤਾਬਕ ਇਨ੍ਹਾਂ ਤਮਾਮ ਪਹਿਲੂਆਂ ਨੂੰ ਦੇਖਦੇ ਹੋਏ ਇਸ ਵਾਰ ਬਜਟ ਛਾਪਣ ਦੀ ਜਗ੍ਹਾ ਉਸ ਨੂੰ ਪੂਰੀ ਤਰ੍ਹਾਂ ਨਾਲ ਸਾਫਟ ਰੂਪ ’ਚ ਪੇਸ਼ ਕੀਤਾ ਜਾਵੇਗਾ।


ਬਜਟ ਛਪਾਈ ਵੀ ਗੁਪਤ : ਮੁਲਾਜ਼ਮਾਂ ’ਤੇ ਰਹਿੰਦੀ ਹੈ ਸਖ਼ਤ ਪਹਿਰੇਦਾਰੀ


ਬਜਟ ਛਪਾਈ ਦੀ ਪਹਿਰੇਦਾਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਪ੍ਰਕਿਰਿਆ ’ਚ ਸ਼ਾਮਲ ਮੁਲਾਜ਼ਮਾਂ ਨੂੰ ਸੰਸਦ ’ਚ ਬਜਟ ਪੇਸ਼ ਹੋਣ ਤੋਂ ਬਾਅਦ ਜਾਣ ਦਿੱਤਾ ਜਾਂਦਾ ਹੈ। ਉਸ ਦੌਰਾਨ ਵਿੱਤ ਮੰਤਰਾਲੇ ਦੀ Printing press ’ਚ ਉਨ੍ਹਾਂ ਨੂੰ ਮੋਬਾਈਲ ਫੋਨ ਤਕ ਰੱਖਣ ਦੀ ਇਜਾਜ਼ਤ ਨਹੀਂ ਹੁੰਦੀ। ਉਹ ਸਿਰਫ਼ ਐਮਰਜੈਂਸੀ ਸਥਿਤੀ ’ਚ ਹੀ ਗੱਲ ਕਰ ਸਕਦੇ ਹਨ। ਇਨ੍ਹਾਂ ਸਾਰੇ ਮੁਲਾਜ਼ਮਾਂ ਦੇ ਖਾਣ-ਪੀਣ ਤੇ ਰਹਿਣ ਦੇ ਇੰਤਜ਼ਾਮ ਲਈ ਕੁਝ ਹੋਰ ਮੁਲਾਜ਼ਮ ਵੀ North block ’ਚ ਰਹਿੰਦੇ ਹਨ। ਇਸ ਨਾਲ ਛਪਾਈ ਦੌਰਾਨ ਭੀੜ ਹੋਵੇਗੀ। ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਦੇਖਦੇ ਹੋਏ ਸਰਕਾਰ ਕਿਸੇ ਤਰ੍ਹਾਂ ਦਾ Risk ਨਹੀਂ ਲੈ ਸਕਦੀ। ਵੈਸੇ ਪਿਛਲੇ ਕੁਝ ਸਾਲਾਂ ਤੋਂ ਬਜਟ ਦੀਆਂ ਛਾਪੀਆਂ ਹੋਈਆਂ ਕਾਪੀਆਂ ਦੀ ਗਿਣਤੀ ਕਾਫੀ ਘੱਟ ਦਿੱਤੀ ਗਈ ਹੈ। ਮਾਹਿਰਾਂ ਮੁਤਾਬਕ ਛਪਾਈ ਬੇਸ਼ੱਕ ਹੀ ਘੱਟ ਹੋ ਰਹੀ ਸੀ, ਪਰੰਪਰਾ ਦਾ ਕਰੇਜ਼ ਹਾਲੇ ਵੀ ਬਰਕਰਾਰ ਸੀ।

Posted By: Rajnish Kaur