ਜੇਐੱਨਐੱਨ, ਨਵੀਂ ਦਿੱਲੀ। ਘਰੇਲੂ ਆਟੋਮੋਬਾਈਲ ਸੈਕਟਰ ਪਿਛਲੇ ਦੋ ਦਹਾਕਿਆਂ ਦੇ ਸਭ ਤੋਂ ਗੰਭੀਰ ਸਮੇਂ ਚੋਂ ਲੰਘ ਰਿਹਾ ਹੈ। ਇਹ ਦੌਰ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਦਾ ਹੈ। ਅਜਿਹੇ ’ਚ ਮੈਨੂਫੈਕਚਰਿੰਗ ’ਚ ਯੋਗਦਾਨ ਦੇਣ ਵਾਲੇ ਇਸ ਸੈਕਟਰ ਨੂੰ ਆਮ ਬਜਟ 2021-2022 ਤੋਂ ਕਾਫ਼ੀ ਉਮੀਦ ਹੈ। ਬਜਟ ਪੇਸ਼ ਕਰਨ ’ਚ ਸਿਰਫ਼ ਕੁਝ ਦਿਨ ਹੀ ਬਾਕੀ ਹਨ, ਪਰ ਆਟੋਮੋਬਾਈਲ ਸੈਕਟਰ ਨੂੰ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ਨੂੰ ਲੈਕੇ ਵਿਚਾਰ- ਵਟਾਂਦਰਾ ਚਲ ਰਿਹਾ ਹੈ। ਸੰਕੇਤ ਹੈ ਕਿ ਆਟੋਮੋਬਾਈਲ ਸੈਕਟਰ ਲਈ ਇਹ ਬਜਟ ਸ਼ੁਭ ਸੰਕੇਤ ਲਿਆ ਸਕਦਾ ਹੈ। ਸਰਕਾਰ ਨਾਲ ਗੱਲਬਾਤ ’ਚ ਸ਼ਾਮਲ ਆਟੋਮੋਬਾਈਲ ਉਦਯੋਗ ਦੇ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਦੇ ਬਾਵਜੂਦ ਮੈਨੂਫੈਕਚਰਿੰਗ ਸੈਕਟਰ ਨੂੰ ਨਵੇਂ ਸਿਰੇ ਤੋਂ ਮਜ਼ਬੂਤ ਬਣਾਉਣ ਲਈ ਕੇਂਦਰ ਸਰਕਾਰ ਨੇ ਜੋ ਕੋਸ਼ਿਸ਼ ਸ਼ੁਰੂ ਕੀਤੀ ਹੈ ਉਸ ਉੱਤੇ ਧਿਆਨ ਦੇਣਾ ਹੋਵੇਗਾ। ਬੀਤੇ ਕੁਝ ਸਾਲਾਂ ਤੋਂ ਮੰਦੀ ਤੇ ਕੋਰੋਨਾ ਕਾਲ ਕਾਰਨ ਇਸ ਉਦਯੋਗ ਦੀ ਕਮਾਈ ਨੂੰ ਝਟਕਾ ਲੱਗਾ ਹੈ। ਅਜਿਹੇ ’ਚ ਨਵੇਂ ਨਿਵੇਸ਼ ਲਈ ਤਿਆਰ ਕਰਨ ਦੀ ਲੋੜ ਹੈ। ਖਾਸ ਤੌਰ ’ਤੇ ਆਟੋਮੋਬਾਈਲ ਸੈਕਟਰ ’ਚ ਇਕ ਸਾਰ ਟੈਕਸ ਲਗਾਉਣ ਦੀ ਵਿਵਸਥਾ ਵੀ ਲਾਗੂ ਹੋਣੀ ਚਾਹੀਦੀ ਹੈ।

ਕੀਮਤ ਘੱਟ ਕਰਨ ਨਾਲ ਹੋਵੇਗਾ ਵਿਕਰੀ ’ਚ ਵਾਧਾ

ਦੇਸ਼ ਦੀ ਸਭ ਤੋਂ ਵੱਡੀ ਆਟੋਮੋਬਾਈਲ ਕੰਪਨੀ ਮਾਰੂਤੀ ਸਾਜ਼ੁਕੀ ਦੇ ਸੀਨੀਅਰ ਐਗਜ਼ੀਕਿਊਟਿਵ ਡਾਇਰੈਕਟਰ (ਮਾਰਕਟਿੰਗ ਤੇ ਸੇਲਜ਼) ਸ਼ਸ਼ਾਂਕ ਸ਼੍ਰੀਵਾਸਤਵ ਨੇ ਦੈਨਿਕ ਜਾਗਰਣ ਨੂੰ ਦੱਸਿਆ ਕਿ ਜਿੰਨਾ ਇਹ ਬਜਟ ਦੇਸ਼ ਦੀ ਅਰਥਵਿਵਸਥਾ ਲਈ ਮਹੱਤਵਪੂਰਣ ਹੋਣ ਵਾਲਾ ਹੈ ਉਨ੍ਹੀ ਹੀ ਅਹਿਮੀਅਤ ਆਟੋਮੋਬਾਈਲ ਕੰਪਨੀਆਂ ਲਈ ਵੀ ਹੈ। ਮਾਰੂਤੀ ਸਾਜ਼ੁਕੀ ਨੇ ਪਿਛਲੇ ਮਹੀਨੇ ਹੀ ਕੀਮਤ ਵਧਾਈ ਸੀ ਤੇ ਅਗਲੇ ਹਫ਼ਤੇ ਫਿਰ ਤੋਂ ਕੀਮਤ ਵਧਾਉਣ ਜਾ ਰਹੀ ਹੈ। ਇਸ ਤੋਂ ਇਲਾਵਾ ਪੈਟਰੋਲ, ਡੀਜਲ ਦੀਆਂ ਵਧਦੀਆਂ ਕੀਮਤਾਂ, ਬੀਮੇ ਦੀ ਕੀਮਤ ਆਦਿ ਦਾ ਬੋਝ ਵੀ ਪੈ ਰਿਹਾ ਹੈ। ਉਸ ਨੂੰ ਘੱਟ ਕਰਨ ਨਾਲ ਵਿਕਰੀ ’ਚ ਵਾਧਾ ਹੋਵੇਗਾ।

ਕੀਮਤ ਘੱਟ ਕਰਨ ਦਾ ਰਸਤਾ ਕੱਢੇ ਵਿੱਤ ਮੰਤਰਾਲੇ: ਸਿਆਮ

ਆਟੋਮੋਬਾਈਲ ਕੰਪਨੀਆਂ ਦੇ ਸਭ ਤੋਂ ਵੱਡੇ ਸੰਗਠਨ ਸਿਆਮ ਦੇ ਪਿਛਲੇ ਸਾਲ ਦੇ ਸਲਾਨਾ ਸਮਾਰੋਹ ’ਚ ਵਾਹਨਾਂ ਦੀ ਕੀਮਤ ਇਕ ਵੱਡਾ ਮੁੱਦਾ ਸੀ। ਕੇਂਦਰ ਸਰਕਾਰ ਨੇ ਆਟੋਮੋਬਾਈਲ ਸੈਕਟਰ ਦੇ ਉਤਪਾਦਨ ਨਾਲ ਜੁੜੀ ਉਤਸ਼ਾਹਿਤ ਸਕੀਮ( ਪੀਐੱਲਆਈ) ਨੂੰ ਲਾਂਚ ਕੀਤਾ ਸੀ ਤੇ ਤਾਜ਼ਾ ਜਾਣਕਾਰੀ ਅਨੁਸਾਰ ਇਸ ਦੇ ਤਹਿਤ 115 ਕੰਪਨੀਆਂ ਨੇ ਅਰਜ਼ੀਆਂ ਵੀ ਭੇਜੀਆਂ ਹਨ ਪਰ ਇਹ ਪੂਰੀ ਤਸਵੀਰ ਨਹੀਂ ਹੈ। ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਸ(ਸੀਆਮ) ਵੱਲੋਂ ਵਿੱਤ ਮੰਤਰਾਲੇ ਕੋਲੋਂ ਮੁੱਖ ਤੌਰ ’ਤੇ ਇਹੀ ਮੰਗ ਕੀਤੀ ਗਈ ਹੈ ਕਿ ਹਾਲ ਦੇ ਸਾਲਾਂ ’ਚ ਸਰਕਾਰ ਵੱਲੋਂ ਵਾਤਾਵਰਨ ਸੁਰੱਖਿਆ ਤੇ ਵਾਹਨਾਂ ਦੀ ਗੁਣਵੱਤਾ ਨੂੰ ਲੈਕੇ ਜੋ ਨਵੇਂ ਨਿਯਮ ਲਾਗੂ ਕੀਤੇ ਗਏ ਹਨ, ਉਸਦੀ ਵਜ੍ਹਾ ਕਾਰਨ ਗਾਹਕਾਂ ’ਤੇ ਕੀਮਤ ਦਾ ਬੋਝ ਪਿਆ ਹੈ। ਅਜਿਹੇ ’ਚ ਕੀਮਤ ਨੂੰ ਘੱਟ ਕਰਨ ਦਾ ਰਸਤਾ ਕੱਢ ਕੇ ਸਰਕਾਰ ਪੂਰੇ ਆਟੋਮੋਬਾਈਲ ਉਦਯੋਗ ਨੂੰ ਵੱਡੀ ਰਾਹਤ ਦੇ ਸਕਦੀ ਹੈ।

Posted By: Sarabjeet Kaur