ਬਿਜਨੈਸ ਡੈਸਕ, ਨਵੀਂ ਦਿੱਲੀ : ਅਰਥ ਵਿਵਸਥਾ ਵਿਚ ਸੁਸਤੀ ਨੂੰ ਦੂਰ ਕਰਨ ਦੇ ਉਦੇਸ਼ ਨਾਲ ਭਾਰਤੀ ਕੰਪਨੀਆਂ ਨੂੰ ਮੰਗ ਅਤੇ ਖ਼ਪਤ ਵਧਾਉਣ ਲਈ ਆਗਾਮੀ ਬਜਟ ਵਿਚ ਪਰਸਨਲ ਇਨਕਮ ਟੈਕਸ ਦੀਆਂ ਦਰਾਂ ਵਿਚ ਕਟੌਤੀ ਦੀ ਉਮੀਦ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਡਿਮਾਂਡ ਵਿਚ ਵਾਧਾ ਕਰਨ ਲਈ ਹੁਣ ਪਰਸਨਲ ਇਨਕਮ ਟੈਕਸ ਵਿਚ ਕਮੀ ਕੀਤੀ ਜਾਣੀ ਚਾਹੀਦੀ ਹੈ। ਇਕ ਪ੍ਰੀ ਬਜਟ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ। ਗੌਰਤਲਬ ਹੈ ਕਿ ਸਰਕਾਰ ਨੇ ਪਿਛਲੇ ਸਾਲ ਕਾਰਪੋਰੇਟ ਟੈਕਸ ਵਿਚ ਵੱਡੀ ਕਟੌਤੀ ਕੀਤੀ ਸੀ। ਸਰਕਾਰ ਨੇ ਕਾਰਪੋਰੇਟ ਟੈਕਸ ਦੀ ਦਰ ਨੂੰ ਪੁਰਾਣੀ ਕੰਪਨੀ ਲਈ 25 ਫੀਸਦ ਤਕ ਅਤੇ ਨਿਰਮਾਣ ਖੇਤਰ ਵਿਚ ਆਉਣ ਵਾਲੀ ਨਵੀਂ ਕੰਪਨੀ ਲਈ 15 ਫੀਸਦ ਤਕ ਘੱਟ ਕੀਤਾ ਸੀ।

ਇਹ ਸਰਵੇ ਕੇਪੀਐਮਜੀ ਵੱਲੋਂ ਕੀਤਾ ਗਿਆ ਹੈ, ਜਿਸ ਵਿਚ 215 ਕੰਪਨੀਆਂ ਸ਼ਾਮਲ ਹੋਈਆਂ ਹਨ। ਸਰਵੇ ਮੁਤਾਬਕ ਜ਼ਿਆਦਾਤਰ ਲੋਕਾਂ ਨੂੰ ਉਮੀਦ ਹੈ ਕਿ ਸਰਕਾਰ ਬਜਟ ਵਿਚ ਇਨਕਮ ਟੈਕਸ ਛੋਟ ਦੀ ਲਿਮਟ ਨੂੰ 2.5 ਲੱਖ ਰੁਪਏ ਸਾਲਾਨਾ ਤੋਂ ਅੱਗੇ ਵਧਾ ਸਕਦੀ ਹੈ। ਦੱਸ ਦੇਈਏ ਕਿ ਮੌਜੂਦਾ ਵਿੱਤੀ ਵਰ੍ਹੇ ਦੇ ਬਜਟ ਵਿਚ ਸਰਕਾਰ ਨੇ ਪੰਜ ਲੱਖ ਰੁਪਏ ਤਕ ਦੀ ਟੈਕਸ ਯੋਗ ਆਮਦਨੀ ਨੂੰ ਟੈਕਸ ਮੁਕਤ ਕੀਤਾ ਹੋਇਆ ਹੈ। ਸਰਵੇ ਮੁਤਾਬਕ ਜ਼ਿਆਦਾਤਰ ਕੰਪਨੀਆਂ ਮੰਨਦੀਆਂ ਹਨ ਕਿ ਵਿਦੇਸ਼ੀ ਕੰਪਨੀਆਂ ਲਈ ਟੈਕਸ ਦੀ ਦਰ ਵਿਚ ਵੀ ਕਮੀ ਹੋਣੀ ਚਾਹੀਦੀ ਹੈ।

Posted By: Tejinder Thind