ਨਵੀਂ ਦਿੱਲੀ, ਜੇਐੱਨਐੱਨ। ਬੀਐੱਸਐੱਨਐੱਲ ਨੂੰ ਤਿਉਹਾਰੀ ਸੀਜ਼ਨ ਦੌਰਾਨ ਸਤੰਬਰ ਮਹੀਨੇ ਦੀ ਸੈਲਰੀ ਨਹੀਂ ਮਿਲੀ ਹੈ। ਮੁਲਾਜ਼ਮ ਯੂਨੀਅਨ ਨੇ ਸ਼ੁੱਕਰਵਾਰ ਨੂੰ ਇਕ ਦਿਨ ਭੁੱਖ ਹੜਤਾਲ ਦੀ ਧਮਕੀ ਦਿੱਤੀ। ਹੁਣ ਬੀਐੱਸਐੱਨਐੱਲ ਨੇ ਕਿਹਾ ਕਿ ਉਸ ਨੂੰ ਪੂਰੀ ਉਮੀਦ ਹੈ ਕਿ ਕੰਪਨੀ ਦੇ 1.76 ਲੱਖ ਮੁਲਜ਼ਮਾਂ ਨੂੰ ਸਤੰਬਰ ਦੀ ਸੈਲਰੀ ਦੀਵਾਲੀ ਤੋਂ ਪਹਿਲਾਂ ਮਿਲ ਜਾਵੇਗੀ। ਬੀਐੱਸਐੱਨਐੱਲ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਪੀਕੇ ਪੁਰਵਰ ਨੇ ਆਈਏਐੱਨਐੱਸ ਨੂੰ ਦੱਸਿਆ ਕਿ ਉਹ ਦਿਵਾਲੀ ਤੋਂ ਪਹਿਲਾਂ ਆਪਣੀਆਂ ਸੰਸਥਾਵਾਂ ਜ਼ਰੀਏ ਮੁਲਜ਼ਮਾਂ ਨੂੰ ਤਨਖ਼ਾਹ ਦੇਣਗੇ। ਉਹ ਸੇਵਾਵਾਂ ਨਾਲ ਇਕ ਮਹੀਨੇ 'ਚ 1,600 ਕਰੋੜ ਦੀ ਕਮਾਈ ਕਰਦਾ ਹੈ।

ਬੀਐੱਸਐੱਨਐੱਲ ਦੀ ਤਨਖ਼ਾਹ ਪ੍ਰਤੀ ਮਹੀਨਾ 850 ਕਰੋੜ ਰੁਪਏ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੰਪਨੀ ਪ੍ਰਤੀ ਮਹੀਨੇ 1,600 ਕਰੋੜ ਰੁਪਏ ਕਮਾਈ ਕਰਦੀ ਹੈ ਪਰ ਤਨਖ਼ਾਹ ਕਵਰ ਕਰਨ ਲਈ ਇਹ ਰਾਸ਼ੀ ਕਾਫ਼ੀ ਨਹੀਂ ਹੈ ਕਿਉਂਕਿ ਇਸ ਦਾ ਇਕ ਵੱਡਾ ਹਿੱਸਾ ਓਪਰੇਟਿੰਗ ਖ਼ਰਚ ਆਦਿ 'ਚ ਖ਼ਰਚ ਹੋ ਜਾਂਦਾ ਹੈ। ਸੂਤਰਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਬੀਐੱਸਐੱਨਐੱਲ ਬੈਂਕਾਂ ਤੋਂ ਸਰਕਾਰੀ ਗਾਰੰਟੀ ਜ਼ਰੀਏ ਫੰਡ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਟੈਲੀਕਾਮ ਕੰਪਨੀ ਭਾਰਤੀ ਸੰਚਾਰ ਨਿਯਮ ਲਿਮਟਿਡ (BSNL) ਨੂੰ ਵਿੱਤੀ ਸਾਲ 2019 'ਚ 13,804 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਹੈ। ਪੁਰਵਰ ਨੇ ਕਿਹਾ ਕਿ 4ਜੀ ਸਪੇਕਟ੍ਰਮ ਦਾ ਮਿਲਣਾ ਤੇ ਵੋਲੈਂਟਰੀ ਰਿਟਾਇਰਮੈਂਟ ਸਕੀਮ ਨਾਲ ਮੁਲਾਜ਼ਮਾਂ ਦੀ ਗਿਣਤੀ 'ਚ ਕਮੀ ਨਾਲ ਆਰਥਿਕ ਚਿੰਤਾਵਾਂ ਥੋੜ੍ਹੀਆਂ ਘੱਟ ਹੋਣਗੀਆਂ, ਭਾਵੇਂ ਸਰਕਾਰ ਦੀ ਇਹ ਤਰਜੀਹੀ ਸੂਚੀ 'ਚ ਹੈ ਪਰ ਇਸ 'ਚ ਸਮਾਂ ਲੱਗੇਗਾ। ਵਿੱਤ ਮੰਤਰਾਲੇ ਤੇ ਪ੍ਰਧਾਨ ਮੰਤਰੀ ਦਫ਼ਤਰ ਬੀਐੱਸਐੱਨਐੱਲ ਤੇ ਐੱਮਟੀਐੱਨਐੱਲ ਦੇ ਮੁੜ ਨਿਰਮਾਣ ਲਈ 50,000 ਕਰੋੜ ਰੁਪਏ ਦੀ ਪੂੰਜੀ ਦੇਣ ਦੇ ਹੱਕ 'ਚ ਹਨ।

Posted By: Akash Deep