ਮੁੰਬਈ (ਪੀਟੀਆਈ) : ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਨੂੰ ਰਿਸ਼ਵਤਖੋਰੀ ਦੇ ਇਕ ਮਾਮਲੇ ਵਿਚ 11 ਜੁਲਾਈ ਤਕ ਗਿ੍ਫ਼ਤਾਰੀ ਤੋਂ ਅੰਤਿ੍ਮ ਰਾਹਤ ਪ੍ਰਦਾਨ ਕੀਤੀ ਹੈ। ਕੇਂਦਰੀ ਏਜੰਸੀ ਨੇ ਰਾਣਾ ਖ਼ਿਲਾਫ਼ ਇਸੇ ਸਾਲ ਮਾਰਚ ਵਿਚ ਇਕ ਰਿਅਲਿਟੀ ਫਰਮ ਤੋਂ ਰਿਸ਼ਵਤ ਲੈਣ ਦੇ ਦੋਸ਼ ਵਿਚ ਮੁਕੱਦਮਾ ਦਰਜ ਕੀਤਾ ਸੀ। ਫਿਲਹਾਲ ਉਹ ਜੇਲ੍ਹ ਵਿਚ ਬੰਦ ਹੈ। ਉਨ੍ਹਾਂ ਨੂੰ ਯੈੱਸ ਬੈਂਕ ਨਾਲ ਸਬੰਧਤ ਇਕ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗਿ੍ਫ਼ਤਾਰ ਕੀਤਾ ਸੀ।

ਸੀਬੀਆਈ ਦਾ ਦੋਸ਼ ਹੈ ਕਿ ਰਾਣਾ ਕਪੂਰ ਨੇ ਦਿੱਲੀ ਦੇ ਲੁਟਿਅੰਸ ਜ਼ੋਨ ਸਥਿਤ ਇਕ ਬੰਗਲੇ ਦੀ ਖ਼ਰੀਦ ਵਿਚ ਅਵੰਤਾ ਗਰੁੱਪ ਤੋਂ 307 ਕਰੋੜ ਰੁਪਏ ਦੀ ਰਿਸ਼ਵਤ ਲਈ ਸੀ। ਕੰਪਨੀ ਨੇ ਰਾਣਾ ਨੂੰ ਇਹ ਰਾਸ਼ੀ ਵਿਕਰੇਤਾ ਗਰੁੱਪ ਲਈ 1,900 ਕਰੋੜ ਰੁਪਏ ਦੇ ਬੈਂਕ ਕਰਜ਼ੇ ਦੀ ਪ੍ਰਕਿਰਿਆ ਨੂੰ ਸੌਖੀ ਬਣਾਉਣ ਲਈ ਦਿੱਤੀ ਸੀ। ਰਾਣਾ ਕਪੂਰ ਦੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਵੱਲੋਂ ਇੱਥੋਂ ਦੀ ਵਿਸ਼ੇਸ਼ ਸੀਬੀਆਈ ਅਦਾਲਤ 'ਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਖ਼ਲ ਕੀਤੀ ਗਈ ਸੀ। ਉਨ੍ਹਾਂ ਨੂੰ 11 ਜੁਲਾਈ ਤਕ ਗਿ੍ਫ਼ਤਾਰੀ ਤੋਂ ਅੰਤਿ੍ਮ ਰਾਹਤ ਪ੍ਰਦਾਨ ਕੀਤੀ ਗਈ, ਕਿਉਂਕਿ ਜਾਂਚ ਏਜੰਸੀ ਵੱਲੋਂ ਜਵਾਬ ਦਾਖ਼ਲ ਕੀਤਾ ਜਾਣਾ ਅਜੇ ਬਾਕੀ ਹੈ।

Posted By: Rajnish Kaur