ਮੁੰਬਈ (ਏਜੰਸੀ) : ਬਾਜ਼ਾਰ 'ਚ ਨੌਂ ਦਿਨਾਂ ਤੋਂ ਜਾਰੀ ਗਿਰਾਵਟ ਦੇ ਸਿਲਸਿਲੇ 'ਤੇ ਮੰਗਲਵਾਰ ਨੂੰ ਬਰੇਕ ਲੱਗ ਗਈ ਤੇ ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਸੂਚਕਾਂਕ ਤੇਜ਼ੀ ਬਣਾ ਕੇ ਬੰਦ ਹੋਏ। ਥੋਕ ਮਹਿੰਗਾਈ ਦਰ ਘੱਟ ਰਹਿਣ ਕਾਰਨ ਭਾਰਤੀ ਰਿਜ਼ਰਵ ਬੈਂਕ ਦੀ ਮੁੱਖ ਵਿਆਜ ਦਰ 'ਚ ਕਟੌਤੀ ਦੀ ਉਮੀਦ 'ਚ ਵਿੱਤੀ ਤੇ ਊਰਜਾ ਸ਼ੇਅਰਾਂ 'ਚ ਭਾਰੀ ਖ਼ਰੀਦ ਵੇਖੀ ਗਈ।

ਸੈਂਸੈਕਸ 227.71 ਅੰਕਾਂ ਦੀ ਤੇਜ਼ੀ ਨਾਲ 37,318.53 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 73.85 ਅੰਕਾਂ ਦੀ ਤੇਜ਼ੀ ਨਾਲ 11,222.05 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਦੇ ਨੌ ਸੈਸ਼ਨਾਂ 'ਚ ਸੈਂਸੈਕਸ 'ਚ ਕੁੱਲ 1940.73 ਅੰਕਾਂ ਦੀ ਗਿਰਾਵਟ ਰਹੀ ਸੀ। ਸੈਂਸੈਕਸ 'ਚ ਸਨ ਫਾਰਮਾ 'ਚ ਸਭ ਤੋਂ ਵੱਧ 5.87 ਫ਼ੀਸਦੀ ਤੇਜ਼ੀ ਰਹੀ। ਭਾਰਤੀ ਏਅਰਟੇਲ, ਵੇਦਾਂਤਾ, ਇੰਡਸਇੰਡ ਬੈਂਕ, ਐੱਸਬੀਆਈ ਤੇ ਆਰਆਈਐੱਲ 'ਚ ਵੀ 5.40 ਫ਼ੀਸਦੀ ਤਕ ਉਛਾਲ ਦਰਜ ਕੀਤਾ ਗਿਆ। ਦੂਜੇ ਪਾਸੇ ਟੀਸੀਐੱਸ 'ਚ ਸਭ ਤੋਂ ਵੱਧ 1.72 ਫ਼ੀਸਦੀ ਗਿਰਾਵਟ ਰਹੀ। ਸੰਕਟ ਗ੍ਸਤ ਏਅਰਲਾਈਨ ਕੰਪਨੀ ਜੈੱਟ ਏਅਰਵੇਜ਼ 'ਚ 7.42 ਫ਼ੀਸਦੀ ਗਿਰਾਵਟ ਰਹੀ।