ਮੁੰਬਈ (ਏਜੰਸੀ) : ਸੋਮਵਾਰ ਨੂੰ ਕਾਰੋਬਾਰ ਦੇ ਆਖਰੀ ਸੈਸ਼ਨ ਵਿਚ ਪ੍ਰੋਫਿਟ ਬੁਕਿੰਗ ਕਾਰਨ ਪ੍ਰਮੁੱਖ ਭਾਰਤੀ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਏ। ਦਿਨ ਦੇ ਕਾਰੋਬਾਰ ਵਿਚ ਬੀਐੱਸਈ ਦਾ 30 ਸ਼ੇਅਰ ਵਾਲਾ ਸੈਂਸੈਕਸ 141.33 ਅੰਕ ਮਤਲਬ 0.38 ਫ਼ੀਸਦੀ ਦੀ ਗਿਰਾਵਟ ਦੇ ਨਾਲ 37,531.98 ਦੇ ਪੱਧਰ 'ਤੇ ਬੰਦ ਹੋਇਆ। ਇਹ ਦਿਨ ਵਿਚ ਇਕ ਸਮੇਂ 37,531.98 ਦੇ ਪੱਧਰ 'ਤੇ ਪੁੱਜ ਗਿਆ ਸੀ ਪਰ ਆਖਰੀ ਪੜਾਵਾਂ 'ਚ ਪ੍ਰੋਫਿਟ ਬੁਕਿੰਗ ਕਾਰਨ ਗਿਰਾਵਟ ਦਰਜ ਕੀਤੀ ਗਈ। ਉਥੇ ਐੱਨਐੱਸਈ ਦੇ 50 ਸ਼ੇਅਰਾਂ ਵਾਲੇ ਨਿਫਟੀ ਵਿਚ 48.35 ਅੰਕ ਮਤਲਬ 0.43 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਹ 11,126.40 'ਤੇ ਬੰਦ ਹੋਇਆ। ਸੋਮਵਾਰ ਨੂੰ ਉਮੀਦ ਮੁਤਾਬਕ ਸ਼ੇਅਰ ਬਾਜ਼ਾਰ ਸੀਮਿਤ ਦਾਇਰੇ ਵਿਚ ਕਾਰੋਬਾਰ ਕਰਦੇ ਰਹੇ। ਜਿਓਜਿਤ ਫਾਇਨਾਂਸ਼ੀਅਲ ਸਰਵਿਸੇਜ਼ ਦੇ ਰਿਸਰਚ ਹੈੱਡ ਵਿਨੋਦ ਨਾਇਰ ਮੁਤਾਬਕ ਦੂਜੀ ਤਿਮਾਹੀ ਵਿਚ ਕੰਪਨੀਆਂ ਦੇ ਨਤੀਜੇ ਆਉਣ ਵਾਲੇ ਹਨ, ਜਿਸ ਕਾਰਨ ਮਾਰਕੀਟ ਵਿਚ ਕਾਰੋਬਾਰ ਸੀਮਿਤ ਦਾਇਰੇ ਵਿਚ ਰਿਹਾ। ਆਟੋ, ਬੁਨਿਆਦੀ ਢਾਂਚੇ ਅਤੇ ਬੈਂਕ ਸੈਕਟਰ ਖ਼ਪਤ ਵਿਚ ਕਮੀ ਕਾਰਨ ਦਬਾਅ ਵਿਚ ਹੈ। ਉਥੇ ਚੰਗੇ ਮੌਨਸੂਨ ਅਤੇ ਟੈਕਸ ਲਾਭ ਕਾਰਨ ਕੁਝ ਬਲੂਚਿਪ ਸ਼ੇਅਰਾਂ ਵਿਚ ਚਮਕ ਦੇਖੀ ਗਈ।

ਸੋਮਵਾਰ ਨੂੰ ਸੈਂਸੈਕਸ ਵਿਚ ਜਿਨ੍ਹਾਂ ਸਟਾਕਸ ਵਿਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਉਨ੍ਹਾਂ ਵਿਚ ਓਐੱਨਜੀਸੀ, ਆਈਟੀਸੀ, ਟਾਟਾ ਸਟੀਲ, ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਸ, ਐੱਲਐਂਡਟੀ, ਟੀਸੀਐੱਸ, ਸਨ ਫਾਰਮਾ, ਐੱਨਟੀਪੀਸੀ, ਇੰਡਸਇੰਡ ਬੈਂਕ ਅਤੇ ਟੈੱਕ ਮਹਿੰਦਰਾ ਮੁੱਖ ਰਹੇ। ਇਨ੍ਹਾਂ ਕੰਪਨੀਆਂ ਦੇ ਸ਼ੇਅਰ 2.97 ਫ਼ੀਸਦੀ ਤਕ ਡਿੱਗ ਗਏ। ਉਥੇ ਯੈੱਸ ਬੈਂਕ, ਐਕਸਿਸ ਬੈਂਕ, ਬਜਾਜ ਆਟੋ, ਭਾਰਤੀ ਏਅਰਟੈੱਲ, ਆਈਸੀਆਈਸੀਆਈ ਬੈਂਕ, ਹੀਰੋ, ਮੋਟੋਕਾਰਪ ਅਤੇ ਬਜਾਜ ਫਾਇਨਾਂਸ ਦੇ ਸ਼ੇਅਰਾਂ ਵਿਚ 2.5 ਫ਼ੀਸਦੀ ਤਕ ਦੀ ਤੇਜ਼ੀ ਦਰਜ ਕੀਤੀ ਗਈ। ਏਸ਼ੀਆ ਦੇ ਹੋਰ ਬਾਜ਼ਾਰਾਂ ਵਿਚ ਕੋਸਪੀ ਬੜ੍ਹਤ ਦੇ ਨਾਲ ਬੰਦ ਹੋਇਆ, ਉਥੇ ਹੀ ਨਿਕੋਈ ਵਿਚ ਗਿਰਾਵਟ ਦਰਜ ਕੀਤੀ ਗਈ, ਜਦਕਿ ਸ਼ੰਘਾਈ ਅਤੇ ਹਾਂਗਕਾਂਗ ਦੇ ਸ਼ੇਅਰ ਬਾਜ਼ਾਰ ਛੁੱਟੀ ਕਾਰਨ ਬੰਦ ਰਹੇ।

ਅਸ਼ੋਕ ਲੇਲੈਂਡ ਦੇ ਸ਼ੇਅਰਾਂ 'ਚ ਗਿਰਾਵਟ

ਵਾਹਨ ਨਿਰਮਾਤਾ ਕੰਪਨੀ ਅਸ਼ੋਕ ਲੇਲੈਂਡ ਵੱਲੋਂ 15 ਦਿਨਾਂ ਲਈ ਉਤਪਾਦਨ ਬੰਦ ਕਰਨ ਦੇ ਐਲਾਨ ਤੋਂ ਬਾਅਦ ਸੋਮਵਾਰ ਦੇ ਕਾਰੋਬਾਰ ਵਿਚ ਉਸ ਦੇ ਸ਼ੇਅਰਾਂ ਵਿਚ ਪੰਜ ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ। ਬੀਐੱਸਈ ਦੇ ਸੈਂਸੈਕਸ ਵਿਚ ਕੰਪਨੀ ਦੇ ਸ਼ੇਅਰ 5.29 ਫ਼ੀਸਦੀ ਗਿਰਾਵਟ ਦੇ ਨਾਲ 64.50 ਰੁਪਏ 'ਤੇ ਬੰਦ ਹੋਏ। ਉਥੇ ਐੱਨਐੱਸਈ ਦੇ ਨਿਫਟੀ ਵਿਚ ਕੰਪਨੀ ਦੇ ਸ਼ੇਅਰਾਂ ਵਿਚ 5.36 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਨਿਫਟੀ ਵਿਚ ਕੰਪਨੀ ਦੇ ਸ਼ੇਅਰ 64.40 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਵਿਕੇ। ਪਿਛਲੇ ਸ਼ੁੱਕਰਵਾਰ ਨੂੰ ਕੰਪਨੀ ਨੇ ਕਿਹਾ ਸੀ ਕਿ ਮੰਗ ਅਤੇ ਸਪਲਾਈ 'ਚ ਸੰਤੁਲਨ ਬਿਠਾਉਣ ਲਈ ਕੰਪਨੀ ਇਸ ਮਹੀਨੇ ਉਤਪਾਦਨ 'ਤੇ 15 ਦਿਨਾਂ ਤਕ ਦਾ ਬ੍ਰੇਕ ਲਗਾਏਗੀ।

ਯੈੱਸ ਬੈਂਕ ਦੇ ਸ਼ੇਅਰ ਵਿਚ ਵੱਡਾ ਉਛਾਲ

ਨਵੇਂ ਸਿਰੇ ਤੋਂ ਨਿਵੇਸ਼ ਦੀਆਂ ਖ਼ਬਰਾਂ ਵਿਚਕਾਰ ਸੋਮਵਾਰ ਨੂੰ ਯੈੱਸ ਬੈਂਕ ਦੇ ਸ਼ੇਅਰਾਂ ਵਿਚ ਅੱਠ ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ। ਬੀਐੱਸਈ ਦੇ ਸੈਂਸੈਕਸ ਵਿਚ ਬੈਂਕ ਦੇ ਸ਼ੇਅਰ 8.19 ਫ਼ੀਸਦੀ ਦੇ ਉਛਾਲ ਦੇ ਨਾਲ 45.60 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਤਕ ਵਿਕੇ। ਉਥੇ ਐੱਨਐੱਸਈ ਦੇ ਨਿਫਟੀ ਵਿਚ ਕੰਪਨੀ ਦੇ ਸ਼ੇਅਰਾਂ 7.59 ਫ਼ੀਸਦੀ ਦਾ ਉਛਾਲ ਦਰਜ ਕੀਤਾ। ਯੈੱਸ ਬੈਂਕ ਦੇ ਸੀਈਓ ਰਵਨੀਤ ਗਿੱਲ ਮੁਤਾਬਕ ਬੈਂਕ ਵਿਚ ਨਿਵੇਂ ਸਿਰੇ ਤੋਂ ਨਿਵੇਸ਼ ਨੂੰ ਲੈ ਕੇ ਹੋ ਰਹੀ ਗੱਲਬਾਤ ਆਖਰੀ ਪੜਾਅ ਵਿਚ ਹੈ। ਜ਼ਿਕਰਯੋਗ ਹੈ ਕਿ ਯੈੱਸ ਬੈਂਕ ਦੇ ਕੁਝ ਪ੍ਰਮੋਟਰਸ ਵੱਲੋਂ ਆਪਣੀ ਹਿੱਸੇਦਾਰੀ ਵੇਚਣ ਤੋਂ ਬਾਅਦ ਇਸ ਦੇ ਸ਼ੇਅਰਾਂ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ।